ਪੰਜਾਬ

punjab

ETV Bharat / state

ਮਾਨਸਾ ਦੇ ਪੈਟਰੋਲ ਪੰਪ ਗ੍ਰਨੇਡ ਹਮਲੇ ਪਿੱਛੇ ਵੀ ਕੈਨੇਡਾ ਸਥਿਤ ਅਰਸ਼ ਡੱਲਾ ਦਾ ਹੱਥ ਆਇਆ ਸਾਹਮਣੇ, ਮੁੱਖ ਮੁਲਜ਼ਮ ਗ੍ਰਿਫਤਾਰ - MANSA GRENADE ATTACK

ਸੀ.ਆਈ. ਬਠਿੰਡਾ ਦੀ ਟੀਮ ਨੇ ਮਾਨਸਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਮਾਨਸਾ ਗ੍ਰਨੇਡ ਹਮਲੇ ਦੇ ਮੁੱਖ ਮੁਲਜ਼ਮ ਸ਼ਿਮਲਾ ਸਿੰਘ ਨੂੰ ਕਾਬੂ ਕਰ ਲਿਆ ਹੈ।

MANSA GRENADE ATTACK
ਮਾਨਸਾ ਗ੍ਰਨੇਡ ਹਮਲੇ ਦੇ ਮੁੱਖ ਮੁਲਜ਼ਮ ਦਾ ਕੀਤਾ ਖੁਲਾਸਾ (ETV Bharat (ਪੱਤਰਕਾਰ , ਮਾਨਸਾ))

By ETV Bharat Punjabi Team

Published : Nov 12, 2024, 8:33 PM IST

ਮਾਨਸਾ :ਮਾਨਸਾ ਵਿਖੇ ਪੈਟਰੋਲ ਪੰਪ ਤੇ 27 ਅਕਤੂਬਰ ਦੀ ਰਾਤ ਨੂੰ ਗ੍ਰਨੇਡ ਹਮਲਾ ਕਰਨ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕ ਤੋਂ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਘਰ 'ਤੇ ਗ੍ਰਨੇਡ ਹਮਲਾ ਕਰਕੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣ ਵਾਲੇ ਅਰਸ਼ ਡੱਲਾ ਗਰੁੱਪ ਦੇ ਗੁਰਗੇ ਨੂੰ ਬਠਿੰਡਾ ਅਤੇ ਮਾਨਸਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਅਰਸ਼ ਡੱਲਾ ਦੇ ਲਈ ਕੰਮ ਕਰਦਾ ਹੈ।

ਮਾਨਸਾ ਗ੍ਰਨੇਡ ਹਮਲੇ ਦੇ ਮੁੱਖ ਮੁਲਜ਼ਮ ਦਾ ਕੀਤਾ ਖੁਲਾਸਾ (ETV Bharat (ਪੱਤਰਕਾਰ , ਮਾਨਸਾ))

ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ

ਮਾਨਸਾ ਪੁਲਿਸ ਦੇ ਐਸਐਸਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ 27 ਅਕਤੂਬਰ ਦੀ ਰਾਤ ਨੂੰ ਮਾਨਸਾ ਦੇ ਸਿਰਸਾ ਰੋਡ ਤੇ ਸਥਿਤ ਪ੍ਰਾਈਵੇਟ ਕੰਪਨੀ ਦੇ ਪੈਟਰੋਲ ਪੰਪ 'ਤੇ ਹੈਂਡ ਗ੍ਰਨੇਡ ਦਾ ਧਮਾਕਾ ਕੀਤਾ ਗਿਆ। ਜਿਸ ਤੋਂ ਬਾਅਦ ਮੋਬਾਇਲ ਦੇ ਜਰੀਏ ਵਿਦੇਸ਼ੀ ਨੰਬਰ ਤੋਂ ਪੈਟਰੋਲ ਪੰਪ ਦੇ ਮਾਲਕ ਤੋਂ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਜਿਸਦੇ ਬਾਅਦ ਪੈਟਰੋਲ ਪੰਪ ਮਾਲਕ ਖੁਸ਼ਵਿੰਦਰ ਸਿੰਘ ਦੁਆਰਾ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਨੇ ਇਸ ਮਾਮਲੇ ਨੂੰ ਗਹਿਰਾਈ ਦੇ ਨਾਲ ਲੈਂਦੇ ਹੋਏ ਅਰਸ਼ ਡੱਲਾ ਦੇ ਲਈ ਕੰਮ ਕਰਨ ਵਾਲੇ ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਗਣਾਂ ਦੇ ਸ਼ਿਮਲਾ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ।

ਅਰਸ਼ ਡੱਲਾ ਦੁਆਰਾ ਗ੍ਰਨੇਡ ਹਮਲਾ ਕਰਵਾਇਆ ਗਿਆ

ਐਸਐਸਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਬਠਿੰਡਾ ਦੀ ਕਾਊਂਟਰ ਇੰਟੈਲੀਜੈਂਸੀ ਅਤੇ ਮਾਨਸਾ ਪੁਲਿਸ ਵੱਲੋਂ ਇੱਕ ਅਤੰਕਵਾਦੀ ਸੰਗਠਨ ਸਾਜਿਸ਼ ਦਾ ਪਰਦਾਫਾਸ਼ ਕਰਦੇ ਹੋਏ ਮਾਨਸਾ ਪੈਟਰੋਲ ਪੰਪ 'ਤੇ ਕੈਨੇਡਾ ਵਿੱਚ ਬੈਠੇ ਆਤੰਕਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦੁਆਰਾ ਗ੍ਰਨੇਡ ਹਮਲਾ ਕਰਵਾਇਆ ਗਿਆ ਹੈ ਅਤੇ ਹੈਂਡ ਗ੍ਰਨੇਡ ਚਲਾਉਣ ਵਾਲੇ ਅਰਸ਼ ਡੱਲਾ ਦੇ ਸਾਥੀ ਸ਼ਿਮਲਾ ਸਿੰਘ ਜੋ ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਗਣਾਂ ਦਾ ਵਾਸੀ ਹੈ ਅਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਮਾਨਸਾ ਜ਼ਿਲੇ ਦੇ ਵਿੱਚ ਮੁਲਜ਼ਮ ਹੈ ਅਤੇ ਅਰਸ਼ ਡੱਲਾ ਦੇ ਲਈ ਲੰਬੇ ਸਮੇਂ ਤੋਂ ਸੰਪਰਕ ਦੇ ਵਿੱਚ ਆ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਿਅਕਤੀ ਦਾ ਦਹਿਸ਼ਤ ਕਰਦੀ ਗਤੀਵਿਧੀਆਂ ਦੇ ਵਿੱਚ ਵੀ ਵਿਸ਼ਾਲ ਨੈਟਵਰਕ ਹੈ।

ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ

ਐਸਐਸਪੀ ਮਾਨਸਾ ਨੇ ਦੱਸਿਆ ਕਿ ਸ਼ਿਮਲਾ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜਸ਼ੰਕਰ ਤੋਂ ਹੈਂਡ ਗ੍ਰਨੇਡ ਲੈ ਕੇ ਆਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਮਾਨਸਾ ਦੇ ਪੈਟਰੋਲ ਪੰਪ 'ਤੇ ਹੈਂਡ ਗ੍ਰਨੇਡ ਹਮਲਾ ਕੀਤਾ। ਉਨ੍ਹਾਂ ਦੱਸਿਆ ਕਿ ਸ਼ਿਮਲਾ ਸਿੰਘ ਦੇ ਖਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਇਹ ਵੀ ਦੱਸਿਆ ਕਿ ਅਰਸ਼ ਡੱਲਾ ਦੁਆਰਾ ਦਿੱਤਾ ਗਿਆ ਟਾਰਗੇਟ ਮੋਡਿਊਲ ਪੂਰਾ ਕਰਨ ਦੀ ਜਿੰਮੇਵਾਰੀ ਸ਼ਿਮਲਾ ਸਿੰਘ ਨੂੰ ਦਿੱਤੀ ਜਾਂਦੀ ਰਹੀ ਹੈ। ਕਿਹਾ ਕਿ ਸਤੰਬਰ 2023 ਵਿੱਚ ਪਹਿਲਾ ਸ਼ਿਮਲਾ ਸਿੰਘ ਨੂੰ ਉੱਤਰਾਖੰਡ ਵਿਖੇ ਹਰਮਨ ਨਾਮ ਦੇ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਦਿੱਤਾ ਗਿਆ ਸੀ ਪਰ ਇਹ ਯੋਜਨਾ ਅਸਫਲ ਰਹੀ। ਜਿਸ ਤੋਂ ਬਾਅਦ ਬਠਿੰਡਾ ਇੰਟੈਲੀਜੈਂਸੀ ਦੁਆਰਾ ਸ਼ਿਮਲਾ ਸਿੰਘ ਨੂੰ ਤਿੰਨ ਪਿਸਟਲਾਂ ਦੇ ਨਾਲ 20 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ ਵਿੱਚ ਗੁਰਪ੍ਰੀਤ ਸਿੰਘ ਕਤਲ ਮਾਮਲੇ ਵਿੱਚ ਸ਼ੂਟਰ ਨਵਜੋਤ ਸਿੰਘ ਤੇ ਅਨਮੋਲ ਸਿੰਘ ਨੂੰ ਸਾਜੋ ਸਾਮਾਨ ਮੁਹੱਈਆ ਕਰਵਾਉਣ ਵਿੱਚ ਵੀ ਸਿਮਲਾ ਸਿੰਘ ਵੱਲੋਂ ਮੱਦਦ ਕੀਤੀ ਗਈ ਸੀ।

ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸਐਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਉਕਤ ਮਾਮਲੇ ਦੀ ਅਗਲੇਰੀ ਜਾਂਚ ਲਈ ਐਸਪੀ ਇਨਵੈਸਟੀਗੇਸ਼ਨ ਮਾਨਸਾ ਮਨਮੋਹਨ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ ਸੀ। ਐਸਆਈਟੀ ਨੇ ਸੀਆਈ ਬਠਿੰਡਾ ਨਾਲ ਤਾਲਮੇਲ ਕਰਕੇ ਤੁਰੰਤ ਕਾਰਵਾਈ ਕਰਦਿਆਂ ਵਿਗਿਆਨਕ ਢੰਗ ਨਾਲ ਜਾਂਚ ਕੀਤੀ ਹੈ। ਏਆਈਜੀ ਸੀਆਈ ਬਠਿੰਡਾ ਅਵਨੀਤ ਕੌਰ ਨੇ ਦੱਸਿਆ ਕਿ ਸੀਆਈ ਬਠਿੰਡਾ ਅਤੇ ਮਾਨਸਾ ਪੁਲਿਸ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਮੁਲਜ਼ਮ ਸ਼ਿਮਲਾ ਸਿੰਘ ਨੂੰ ਮਾਨਸਾ ਦੇ ਖੋਖਰ ਰੋਡ ਤੋਂ ਉਸ ਵੇਲੇ ਗ੍ਰਿਫ਼ਤਾਰ ਕੀਤਾ ਜਦੋਂ ਉਹ ਪੈਦਲ ਚੱਲ ਕੇ ਕਿਤੇ ਜਾ ਰਿਹਾ ਸੀ। ਇਸ ਸਬੰਧੀ ਪਹਿਲਾਂ ਹੀ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 308 (4) ਅਤੇ 351, ਵਿਸਫੋਟਕ ਪਦਾਰਥ ਐਕਟ ਦੀ ਧਾਰਾ 3 ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀ ਧਾਰਾ 10 ਤਹਿਤ ਥਾਣਾ ਸਿਟੀ-1 ਮਾਨਸਾ ਵਿਖੇ ਐਫਆਈਆਰ ਨੰਬਰ 139 ਮਿਤੀ 27-10-2024 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਪੈਟਰੋਲ ਪੰਪ ਦੇ ਮਾਲਕ ਨੂੰ ਧਮਕੀ ਭਰੀ ਕਾਲ ਆਈ

ਦੱਸ ਦੇਈਏ ਕਿ ਇਹ ਸਫ਼ਲਤਾ ਗੁਰਪ੍ਰੀਤ ਸਿੰਘ ਹਰੀ ਨੌ ਉਰਫ਼ ਭੋਡੀ, ਜਿਸਨੂੰ ਅੱਤਵਾਦੀ ਅਰਸ਼ ਡੱਲਾ ਦੇ ਇਸ਼ਾਰੇ ‘ਤੇ 9 ਅਕਤੂਬਰ, 2024 ਨੂੰ ਮਾਰ ਦਿੱਤਾ ਗਿਆ ਸੀ, ਕਤਲ ਵਿੱਚ ਸ਼ਮੂਲੀਅਤ ਲਈ ਦੋ ਸ਼ੂਟਰ ਬਰਨਾਲਾ ਦੇ ਅਨਮੋਲਪ੍ਰੀਤ ਸਿੰਘ ਉਰਫ਼ ਵਿਸ਼ਾਲ ਅਤੇ ਖਰੜ ਦੇ ਨਵਜੋਤ ਸਿੰਘ ਉਰਫ਼ ਨੀਤੂ ਦੀ ਗ੍ਰਿਫ਼ਤਾਰੀ ਦੇ 72 ਘੰਟਿਆਂ ਤੋਂ ਵੀ ਘੱਟ ਸਮੇਂ ਅੰਦਰ ਹਾਸਲ ਹੋਈ ਹੈ। ਜਾਣਕਾਰੀ ਅਨੁਸਾਰ 26 ਅਤੇ 27 ਅਕਤੂਬਰ, 2024 ਦੀ ਦਰਮਿਆਨੀ ਰਾਤ ਨੂੰ ਮਾਨਸਾ ਦੇ ਸਿਰਸਾ ਰੋਡ ਸਥਿਤ ਜੀਓ ਦੇ ਪੈਟਰੋਲ ਪੰਪ ਸਟੇਸ਼ਨ 'ਤੇ ਹੈਂਡ ਗ੍ਰਨੇਡ ਹਮਲਾ ਕੀਤਾ ਗਿਆ ਸੀ। ਧਮਾਕੇ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕ ਨੂੰ ਇੱਕ ਵਿਦੇਸ਼ੀ ਮੋਬਾਈਲ ਨੰਬਰ ਤੋਂ ਧਮਕੀ ਭਰੀ ਕਾਲ ਵੀ ਆਈ ਸੀ, ਜਿਸ ਵਿੱਚ ਫੋਨ ਕਰਨ ਵਾਲੇ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਅਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ।

ਤਿੰਨ ਪਿਸਤੌਲਾਂ ਸਮੇਤ ਗ੍ਰਿਫ਼ਤਾਰ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਸ਼ਿਮਲਾ ਸਿੰਘ ਨੇ ਮਾਨਸਾ ਗ੍ਰੇਨੇਡ ਹਮਲੇ ਵਿੱਚ ਆਪਣੀ ਭੂਮਿਕਾ ਦਾ ਇਕਬਾਲ ਕਰਦਿਆਂ ਖੁਲਾਸਾ ਕੀਤਾ ਕਿ ਉਸ ਨੇ ਅੱਤਵਾਦੀ ਅਰਸ਼ ਡੱਲਾ ਦੇ ਨਿਰਦੇਸ਼ਾਂ 'ਤੇ ਗੜ੍ਹਸ਼ੰਕਰ ਇਲਾਕੇ ਤੋਂ ਇਹ ਗ੍ਰਨੇਡ ਹਾਸਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਸ਼ਿਮਲਾ ਸਿੰਘ ਨੇ ਗੁਰਪ੍ਰੀਤ ਸਿੰਘ ਹਰੀ ਨੌ ਕਤਲ ਕਾਂਡ ਵਿੱਚ ਸ਼ਾਮਲ ਸ਼ੂਟਰਾਂ ਨੂੰ ਲੌਜਿਸਟਿਕਲ ਸਹਾਇਤਾ ਵੀ ਪ੍ਰਦਾਨ ਕੀਤੀ ਸੀ। ਡੀਜੀਪੀ ਨੇ ਕਿਹਾ ਕਿ ਮੁਲਜ਼ਮ ਸ਼ਿਮਲਾ ਸਿੰਘ ਪਹਿਲਾਂ ਵੀ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ ਅਪ੍ਰੈਲ 2023 ਵਿੱਚ ਸੀਆਈ ਬਠਿੰਡਾ ਨੇ ਸ਼ਿਮਲਾ ਸਿੰਘ ਨੂੰ ਤਿੰਨ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਕੇ ਉੱਤਰਾਖੰਡ ਦੇ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਸਬੰਧੀ ਦੀ ਉਸ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਸਾਜ਼ਿਸ਼ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਪੁੱਛਗਿੱਛ ਜਾਰੀ ਹੈ ਅਤੇ ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।

ABOUT THE AUTHOR

...view details