ਬਰਨਾਲਾ: ਬਰਨਾਲਾ ਨੂੰ ਸਾਹਿਤ ਦਾ ਮੱਕਾ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਸਭ ਤੋਂ ਵੱਧ ਲੇਖਕ ਮੌਜੂਦ ਹਨ ਅਤੇ ਕਿਤਾਬਾਂ ਰਿਲੀਜ਼ ਹੁੰਦੀਆਂ ਹਨ। ਹੁਣ ਸਾਹਿਤ ਦਾ ਰੰਗ ਸਕੂਲੀ ਵਿਦਿਆਰਥੀਆਂ ਵਿੱਚ ਦਿਖਾਈ ਦੇਣ ਲੱਗਿਆ ਹੈ। ਜਿਸ ਤਹਿਤ ਯੰਗ ਰਾਈਟਰਜ਼ ਸਮਾਗਮ ਦੌਰਾਨ ਪੰਜ ਸਕੂਲੀ ਵਿਦਿਆਰਥਣਾਂ ਦੀਆਂ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਬਰਨਾਲਾ ਦੇ ਵਾਈ ਐਸ ਸਕੂਲ ਦੀਆਂ ਵਿਦਿਆਰਥਣਾਂ ਨੇ ਅਲੱਗ-ਅਲੱਗ ਵਿਸ਼ਿਆਂ ਨਾਲ ਸਬੰਧਤ ਆਪਣੀਆਂ ਕਿਤਾਬਾਂ ਲਿਖੀਆਂ ਹਨ। ਲੇਖਕ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਮਾਗਮ ਦੌਰਾਨ ਵਿਸ਼ੇਸ ਸਨਮਾਨ ਕੀਤਾ ਗਿਆ। ਉੱਥੇ ਵਿਦਿਆਰਥਣਾਂ ਨੇ ਇਸ ਪ੍ਰਾਪਤੀ ਲਈ ਆਪਣੇ ਸਕੂਲ ਅਤੇ ਅਧਿਆਪਕਾਂ ਨੂੰ ਕ੍ਰੈਡਿਟ ਦਿੱਤਾ।
ਕਿਤਾਬ ਨੂੰ ਲਿਖਣ ਲਈ ਕਰੀਬ ਡੇਢ ਮਹੀਨਾ ਲੱਗਿਆ:ਇਸ ਮੌਕੇ ਵਿਦਿਆਰਥਣ ਨਿਸ਼ਿਕਾ ਨੇ ਕਿਹਾ ਕਿ ਉਸਦੀ ਕਿਤਾਬ ਦਾ ਨਾਮ ਸਾਈਲੈਂਟ ਟਰੀਜ਼ ਹੈ, ਜਿਸ ਵਿੱਚ ਉਸਨੇ ਕੁਦਰਤ ਬਾਰੇ ਲਿਖਿਆ ਹੈ ਅਤੇ ਉਹ ਜਿੰਦਗੀ ਬਾਰੇ ਜਾਣਕਾਰੀ ਦਿੰਦੀ ਹੈ। ਉੱਥੇ ਵਿਦਿਆਰਥਣ ਮੁਸਕਾਨ ਨੇ ਕਿਹਾ ਕਿ ਉਸਦੀ ਕਿਤਾਬ ਦਾ ਨਾਮ ਫੌਰਐਵਰ ਹੈ ਅਤੇ ਇਸ ਕਿਤਾਬ ਨੂੰ ਲਿਖਣ ਲਈ ਕਰੀਬ ਡੇਢ ਮਹੀਨਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਕਿਤਾਬ ਵਿੱਚ ਆਪਣੀ ਪੜ੍ਹਾਈ, ਸਕੂਲ ਆਦਿ ਦੇ ਤਜ਼ਰਬੇ ਸਾਂਝੇ ਕੀਤੇ ਹਨ। ਵਿਦਿਆਰਥਣਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਕੂਲ ਵਿੱਚ ਕਿਤਾਬੀ ਅਤੇ ਸਿਲੇਬਸ ਨਾਲ ਸਬੰਧਤ ਪੜ੍ਹਾਈ ਤੋਂ ਇਲਾਵਾ ਵੱਖਰੀਆਂ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਜਿਨ੍ਹਾਂ ਵਿੱਚੋਂ ਇਹ ਲਿਟਰੇਚਰ ਐਕਟੀਵਿਟੀ ਹੈ। ਜਿਸ ਤਹਿਤ ਉਨ੍ਹਾਂ ਨੂੰ ਕਿਤਾਬਾਂ ਲਿਖਣ ਲਈ ਹੌਂਸਲਾ ਮਿਲਿਆ ਹੈ।