ਪੰਜਾਬ ਵਿੱਚੋਂ ਲਾਪਤਾ ਹੋ ਰਹੇ ਬੱਚੇ (ETV BHARAT) ਲੁਧਿਆਣਾ: ਸਾਲ 2013 ਤੋਂ ਲੈ ਕੇ ਸਾਲ 2022 ਤੱਕ ਪੰਜਾਬ ਦੇ ਵਿੱਚੋਂ 18 ਸਾਲ ਤੋਂ ਘੱਟ ਉਮਰ ਦੇ ਹੁਣ ਤੱਕ 8432 ਬੱਚੇ ਲਾਪਤਾ ਹੋ ਚੁੱਕੇ ਹਨ। ਜਿਨਾਂ ਦੇ ਵਿੱਚੋਂ ਲੱਗਭਗ 1500 ਬੱਚੇ ਅਜਿਹੇ ਹਨ, ਜਿੰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇਹ ਖੁਲਾਸਾ ਲੁਧਿਆਣਾ ਦੇ ਆਰਟੀਆਈ ਐਕਟੀਵਿਸਟ ਸਬਰਵਾਲ ਵੱਲੋਂ ਪਾਈ ਗਈ ਇੱਕ ਆਰਟੀਆਈ ਦੇ ਵਿੱਚੋਂ ਹੋਇਆ ਸੀ। ਜਿਸ ਤੋਂ ਬਾਅਦ ਐਨਸੀਆਰਬੀ ਰਿਪੋਰਟ ਨੇ ਵੱਡਾ ਖੁਲਾਸਾ ਕੀਤਾ ਹੈ।
40 ਫੀਸਦੀ ਕੇਸ ਪੁਲਿਸ ਤੋਂ ਨਹੀਂ ਸੁਲਝੇ
ਐਨਸੀਆਰਬੀ ਦੀ ਰਿਪੋਰਟ ਦੇ ਮੁਤਾਬਕ ਭਾਰਤ ਦੇ ਵਿੱਚ 2022 ਦੇ ਦੌਰਾਨ 2250 ਹਿਊਮਨ ਟਰੈਫਿਕ ਦੇ ਮਾਮਲੇ ਰਜਿਸਟਰ ਕੀਤੇ ਗਏ ਅਤੇ 6 ਹਜ਼ਾਰ ਤੋਂ ਵਧੇਰੇ ਦੀ ਸ਼ਨਾਖਤ ਹੋਈ ਹੈ। ਜਿਹਨਾਂ ਵਿੱਚੋਂ 2878 ਬੱਚੇ ਹਨ, ਇਹਨਾਂ ਦੇ ਵਿੱਚੋਂ 1000 ਤੋਂ ਵਧੇਰੇ ਲੜਕੀਆਂ ਹਨ। ਐਨਸੀਆਰਬੀ ਦੀ 2022 ਰਿਪੋਰਟ ਦੇ ਮੁਤਾਬਿਕ ਭਾਰਤ ਦੇ ਵਿੱਚ ਰੋਜ਼ਾਨਾ 172 ਲੜਕੀਆਂ ਦੀ ਗੁੰਮਸ਼ੁਦਾ ਹੋਣ ਦੀ ਰਿਪੋਰਟ ਦਰਜ ਕਰਵਾਈ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਸਾਲ 2022 ਦੇ ਵਿੱਚ ਲਾਪਤਾ ਹੋਏ ਬੱਚਿਆਂ ਦੇ ਸਿਰਫ 40 ਫੀਸਦੀ ਕੇਸ ਹੀ ਪੁਲਿਸ ਵੱਲੋਂ ਸੁਲਝਾਏ ਗਏ।
16 ਹਜ਼ਾਰ ਤੋਂ ਵਧੇਰੇ ਲੋਕਾਂ ਦੇ ਗੁੰਮਸ਼ੁਦਾ ਹੋਣ ਦੇ ਮਾਮਲੇ
ਪੰਜਾਬ ਦੇ ਵਿੱਚ ਹੁਣ 16 ਹਜ਼ਾਰ ਤੋਂ ਵਧੇਰੇ ਲੋਕਾਂ ਦੇ ਗੁੰਮਸ਼ੁਦਾ ਹੋਣ ਦੇ ਮਾਮਲੇ ਦਰਜ ਹੋਏ ਹਨ, ਜਿਨ੍ਹਾਂ ਵਿੱਚੋਂ 8570 ਪੁਰਸ਼ ਅਤੇ 8099 ਮਹਿਲਾਵਾਂ ਸ਼ਾਮਿਲ ਹਨ। ਇਹ ਇਕੱਲੇ ਲੁਧਿਆਣੇ ਦੇ ਵਿੱਚ 217 ਬੱਚੇ ਲਾਪਤਾ ਹੋਏ ਹਨ। ਬਠਿੰਡਾ ਵਿੱਚ 90, ਫਿਰੋਜ਼ਪੁਰ ਦੇ ਵਿੱਚ 22, ਸ੍ਰੀ ਫਤਿਹਗੜ੍ਹ ਸਾਹਿਬ 'ਚ 44, ਕਪੂਰਥਲਾ ਦੇ ਵਿੱਚ 16, ਗੁਰਦਾਸਪੁਰ ਵਿੱਚ 28, ਸੰਗਰੂਰ ਦੇ ਵਿੱਚ 66, ਰੋਪੜ ਦੇ ਵਿੱਚ 34, ਪਟਿਆਲਾ ਦੇ ਵਿੱਚ 145 ਬੱਚੇ ਲਾਪਤਾ ਹੋਏ ਹਨ।
ਲੁਧਿਆਣਾ 'ਚ ਲਾਪਤਾ ਹੋ ਰਹੇ ਬੱਚੇ
ਲੁਧਿਆਣਾ ਵਿੱਚ ਪਿਛਲੇ ਤਿੰਨ ਚਾਰ ਦਿਨ ਦੇ ਦੌਰਾਨ ਅੱਧਾ ਦਰਜਨ ਤੋਂ ਵਧੇਰੇ ਲੋਕਾਂ ਦੇ ਲਾਪਤਾ ਹੋਣ ਦੇ ਮਾਮਲੇ ਦਰਜ ਹੋਏ ਹਨ, ਜਿਨਾਂ ਵਿੱਚੋਂ ਤਿੰਨ ਬੱਚੇ ਹਨ। ਜਿਆਦਾਤਰ ਬੱਚੇ 12 ਸਾਲ ਤੋਂ ਲੈ ਕੇ 17 ਸਾਲ ਦੀ ਉਮਰ ਦੇ ਹਨ। 14 ਸਤੰਬਰ ਨੂੰ ਵਿਸ਼ਵਕਰਮਾ ਨਗਰ ਤਾਜਪੁਰ ਰੋਡ ਤੋਂ ਮਾਮਲਾ ਦਰਜ ਹੋਇਆ, ਜਿਸ ਵਿੱਚ 15 ਸਾਲ ਦੇ ਬੱਚੇ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ 13 ਸਤੰਬਰ ਨੂੰ ਦੋ ਮਾਮਲੇ ਦਰਜ ਹੋਏ, ਜਿਨਾਂ ਵਿੱਚ 14 ਸਾਲ ਦੀ ਬੱਚੀ ਦੁਰਗਾ ਕਲੋਨੀ ਤੋਂ ਲਾਪਤਾ ਹੋ ਗਈ। ਇਸ ਤੋਂ ਇਲਾਵਾ ਮਹੱਲਾ ਗੋਬਿੰਦ ਨਗਰ ਤੋਂ 17 ਸਾਲ ਦਾ ਲੜਕਾ ਅਨੀਸ਼ ਕੁਮਾਰ ਲਾਪਤਾ ਹੋ ਗਿਆ। 13 ਸਤੰਬਰ ਨੂੰ ਹੀ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ, ਜਿਸ ਵਿੱਚ 15 ਸਾਲ ਦੀ ਲੜਕੀ ਪ੍ਰਭਦੀਪ ਕੌਰ ਜੋ ਜਮਾਲਪੁਰ ਲੁਧਿਆਣਾ ਤੋਂ ਲਾਪਤਾ ਹੋ ਗਈ। ਇਹ ਸਾਰੇ ਮਾਮਲੇ ਪੁਲਿਸ ਰਿਕਾਰਡ ਦੇ ਵਿੱਚ ਦਰਜ ਕੀਤੇ ਗਏ ਹਨ।
ਬਾਲ ਸੁਰੱਖਿਆ ਵਿਭਾਗ ਦਾ ਕੰਮ
ਲੁਧਿਆਣਾ ਦੀ ਬਾਲ ਸੁਰੱਖਿਆ ਵਿਭਾਗ ਦੀ ਮੁਖੀ ਰਸ਼ਮੀ ਸੈਣੀ ਨੇ ਦੱਸਿਆ ਕਿ ਜਦੋਂ ਵੀ ਬੱਚੇ ਲਾਪਤਾ ਹੁੰਦੇ ਹਨ, ਤਾਂ ਫਿਰ ਪੁਲਿਸ ਵੱਲੋਂ ਸਾਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਜਿਸ ਤੋਂ ਬਾਅਦ ਸਾਡੇ ਵੱਲੋਂ ਬੱਚੇ ਦਾ ਪਿਛੋਕੜ ਪਤਾ ਕੀਤਾ ਜਾਂਦਾ ਹੈ ਅਤੇ ਫਿਰ ਉਸ ਦੀ ਭਾਲ ਦੇ ਲਈ ਆਪਣੇ ਹੀਲੇ ਵਸੀਲੇ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿਰਫ ਬੱਚਾ ਲੱਭਣ ਤੱਕ ਹੀ ਸਾਡੀ ਡਿਊਟੀ ਖ਼ਤਮ ਨਹੀਂ ਹੁੰਦੀ, ਸਗੋਂ ਉਸ ਤੋਂ ਬਾਅਦ ਉਸ ਬੱਚੇ ਦੇ ਨਾਲ ਕੌਂਸਲਿੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਬੱਚਿਆਂ ਦੇ ਮੁੜ ਵਸੇਵੇ ਦੇ ਲਈ ਵੀ ਕੰਮ ਕੀਤੇ ਜਾਂਦੇ ਹਨ।
ਰਸ਼ਮੀ ਸੈਣੀ ਨੇ ਦੱਸਿਆ ਕਿ ਜਿਹੜੇ ਛੋਟੇ ਬੱਚਿਆਂ ਤੋਂ ਭੀਖ ਮੰਗਵਾਈ ਜਾਂਦੀ ਹੈ, ਉਸ ਨੂੰ ਲੈ ਕੇ ਵੀ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਭਿਖਿਆ ਤੋਂ ਸਿੱਖਿਆ ਤੱਕ ਸਕੀਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਅਜਿਹੇ ਬੱਚਿਆਂ ਨੂੰ ਰੈਸਕਿਊ ਕਰਕੇ ਉਹਨਾਂ ਨੂੰ ਪੜ੍ਹਾਇਆ ਜਾਵੇਗਾ, ਉਹਨਾਂ ਨੂੰ ਚੰਗਾ ਜੀਵਨ ਮੁਹਈਆ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿਉਂਕਿ ਇਹ ਬੱਚਿਆਂ ਦਾ ਮੌਲਿਕ ਅਧਿਕਾਰ ਹੈ। ਇਸ ਕੰਮ ਦੇ ਵਿੱਚ ਕਈ ਵਿਭਾਗਾਂ ਦੀ ਸ਼ਮੂਲੀਅਤ ਹੁੰਦੀ ਹੈ। ਅਸੀਂ ਸਮੇਂ-ਸਮੇਂ 'ਤੇ ਰੇਡ ਵੀ ਕਰਦੇ ਰਹਿੰਦੇ ਹਾਂ। ਸੜਕਾਂ 'ਤੇ ਜਿਹੜੇ ਬੱਚੇ ਭੀਖ ਮੰਗਦੇ ਹਨ ਉਹਨਾਂ ਨੂੰ ਰੈਸਕਿਊ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਬਾਲ ਮਜ਼ਦੂਰੀ ਵਰਗੇ ਮਾਮਲਿਆਂ ਦੇ ਵਿੱਚ ਵੀ ਅਸੀਂ ਫੈਕਟਰੀਆਂ ਦੇ ਅੰਦਰ ਛਾਪੇਮਾਰੀ ਕਰਦੇ ਹਨ ਅਤੇ ਬੱਚਿਆਂ ਨੂੰ ਰੈਸਕਿਊ ਕਰਦੇ ਹਨ।