ਮੈਡੀਕਲ ਕਾਲਜ਼ਾਂ 'ਚ NRI ਕੋਟੇ ਲਈ ਬਦਲੇ ਨਿਯਮ (ETV BHARAT (ਪੱਤਰਕਾਰ, ਫ਼ਰੀਦਕੋਟ)) ਫ਼ਰੀਦਕੋਟ: ਪੰਜਾਬ ਸਰਕਾਰ ਅਤੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਨੇ ਸੂਬੇ ਦੇ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਕੋਰਸ ਦੀਆਂ ਐਨਆਰਆਈ ਕੋਟੇ ਦੀਆਂ ਸੀਟਾਂ ਨੂੰ ਭਰਨ ਲਈ ਪੰਜਾਬ ਹਰਿਆਣਾ ਹਾਈਕੋਰਟ ਦੀ ਹਦਾਇਤਾਂ ਦੇ ਮੁਤਾਬਕ ਕੁਝ ਬਦਲਾਵ ਕੀਤੇ ਹਨ। ਇਸ ਤੋਂ ਬਾਅਦ ਇਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਨੇ ਕੀਤਾ ਬਦਲਾਅ: ਸੂਬੇ ਭਰ ਦੇ ਵਿੱਚ ਐਨਆਰਆਈ ਕੋਟੇ ਦੀਆਂ ਐਮਬੀਬੀਐਸ ਦੀ 185 ਸੀਟਾਂ ਹਨ, ਜਿੰਨਾਂ ਵਿੱਚੋਂ 35 ਤੋਂ 40 ਸੀਟਾਂ 'ਤੇ ਹੀ ਦਾਖਲੇ ਹੋ ਪਾਉਂਦੇ ਸਨ ਅਤੇ ਖਾਲੀ ਰਹਿਣ ਵਾਲੀਆਂ ਬਾਕੀ ਸੀਟਾਂ ਜਨਰਲ ਕੋਟੇ ਵਿੱਚ ਤਬਦੀਲ ਕਰ ਦਿੱਤੀਆਂ ਜਾਂਦੀਆਂ ਸਨ। ਹੁਣ ਸਰਕਾਰ ਨੇ ਐਨਆਰਆਈ ਕੋਟੇ ਸਬੰਧੀ ਨਿਯਮਾਂ ਵਿੱਚ ਕੁਝ ਬਦਲਾਵ ਕੀਤੇ ਹਨ ਤਾਂ ਜੋ ਇੰਨਾਂ ਸੀਟਾਂ ਨੂੰ ਐਨਆਰਆਈ ਕੋਟੇ ਦੇ ਤਹਿਤ ਹੀ ਭਰਿਆ ਜਾ ਸਕੇ। ਇਸ ਦੇ ਤਹਿਤ ਹੁਣ ਐਨਆਰਆਈ ਸੀਟਾਂ 'ਤੇ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਕਰੀਬੀ ਰਿਸ਼ਤੇਦਾਰ ਵੀ ਉਨ੍ਹਾਂ ਦੀਆਂ ਫੀਸਾਂ ਭਰ ਸਕਦੇ ਹਨ।
ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ: ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜੀਵ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਸੀਟਾਂ ਨੂੰ ਭਰਨ ਵਾਸਤੇ ਸਰਕਾਰ ਵੱਲੋਂ ਅਦਾਲਤ ਦੀ ਹਦਾਇਤਾਂ ਦੇ ਮੁਤਾਬਕ ਕੁਝ ਬਦਲਾਵ ਕੀਤੇ ਗਏ ਹਨ, ਤਾਂ ਜੋ ਜਿਆਦਾ ਤੋਂ ਜਿਆਦਾ ਐਨਆਰਆਈ ਬੱਚਿਆਂ ਨੂੰ ਦਾਖਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾ ਚੁੱਕਿਆ ਹੈ।
ਜ਼ਿਕਰਯੋਗ ਹੈ ਕਿ ਸੋਧੇ ਹੋਏ ਪ੍ਰਬੰਧਾਂ ਦੇ ਅਨੁਸਾਰ, DMER ਨੇ NRI ਕੋਟੇ ਦੀਆਂ ਸੀਟਾਂ 'ਤੇ ਦਾਖਲੇ ਲਈ ਆਦੇਸ਼ ਜਾਰੀ ਕੀਤਾ ਹੈ। ਅਸਲ ਪ੍ਰਵਾਸੀ ਭਾਰਤੀ ਜਾਂ ਉਨ੍ਹਾਂ ਦੇ ਬੱਚੇ ਮੂਲ ਰੂਪ ਵਿੱਚ ਪੰਜਾਬ ਰਾਜ ਨਾਲ ਸਬੰਧਤ ਹਨ ਅਤੇ ਅਸਲ ਪ੍ਰਵਾਸੀ ਭਾਰਤੀ ਜਾਂ ਉਹਨਾਂ ਦੇ ਬੱਚੇ ਮੂਲ ਰੂਪ ਵਿੱਚ ਪੰਜਾਬ ਤੋਂ ਇਲਾਵਾ ਕਿਸੇ ਹੋਰ ਭਾਰਤੀ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਨਾਲ ਸਬੰਧਤ ਹਨ, ਪਰਵਾਸੀ ਭਾਰਤੀ ਕੋਟੇ ਦੀਆਂ ਸੀਟਾਂ ਲਈ ਯੋਗ ਹੋਣਗੇ। ਜੇਕਰ ਉਪਰੋਕਤ ਤਰਜੀਹਾਂ 'ਤੇ ਵਿਚਾਰ ਕਰਨ ਤੋਂ ਬਾਅਦ ਪ੍ਰਵਾਸੀ ਭਾਰਤੀਆਂ ਲਈ ਸੀਟਾਂ ਖਾਲੀ ਰਹਿੰਦੀਆਂ ਹਨ, ਤਾਂ ਉਹ ਉਮੀਦਵਾਰ ਜੋ ਵਾਰਡ ਜਾਂ ਐਨਆਰਆਈਜ਼ ਦੇ ਨਜ਼ਦੀਕੀ ਰਿਸ਼ਤੇਦਾਰ ਹਨ, ਨੂੰ ਵੀ ਐਨਆਰਆਈ ਕੋਟੇ ਦੇ ਤਹਿਤ ਵਿਚਾਰਿਆ ਜਾਵੇਗਾ।