ਲੁਧਿਆਣਾ:ਚੰਡੀਗੜ੍ਹ ਦੇ ਵਿੱਚ ਮੇਅਰ ਬਣਾਉਣ ਨੂੰ ਲੈ ਕੇ ਰਾਜਨੀਤੀ ਸਿਖਰਾਂ ਉੱਤੇ ਚੱਲ ਰਹੀ ਹੈ। ਇਸ ਨੂੰ ਲੈ ਕੇ ਹੁਣ ਕਾਂਗਰਸ ਨੇ ਆਪਣੇ ਜਿੱਤੇ ਹੋਏ 6 ਕੌਂਸਲਰ ਲੁਧਿਆਣਾ ਦੇ ਹਯਾਤ ਹੋਟਲ ਵਿੱਚ ਰੋਕੇ ਹੋਏ ਹਨ, ਜਿਨ੍ਹਾਂ ਨੇ ਸਾਡੀ ਟੀਮ ਨਾਲ ਗੱਲਬਾਤ ਵੀ ਕੀਤੀ। ਸੀਨੀਅਰ ਡਿਪਟੀ ਮੇਅਰ ਦੇ ਉਮੀਦਵਾਰ ਵੀ ਹੋਟਲ ਦੇ ਵਿੱਚ ਰੁਕੇ ਹੋਏ ਸਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਲਗਾਤਾਰ ਭਾਜਪਾ ਸਾਨੂੰ ਡਰਾ ਧਮਕਾਰ ਰਹੀ ਹੈ ਅਤੇ ਨਾਲ ਹੀ ਸਾਨੂੰ ਵੱਡੀਆਂ-ਵੱਡੀਆਂ ਆਫਰਾਂ ਵੀ ਦਿੱਤੀਆਂ ਜਾ ਰਹੀਆਂ ਹਨ ਪਰ ਅਸੀਂ ਪਾਰਟੀ ਦੇ ਨਾਲ ਖੜੇ ਹਾਂ।
‘ਗੱਠਜੋੜ ਨਾਲ ਬਣੇਗਾ ਚੰਡੀਗੜ੍ਹ ਦਾ ਮੇਅਰ’
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੀ ਵਾਰ ਜਿਸ ਤਰ੍ਹਾਂ ਭਾਜਪਾ ਨੇ ਧੱਕੇਸ਼ਾਹੀ ਕੀਤੀ ਸੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਜਾ ਕੇ ਸਾਨੂੰ ਇਨਸਾਫ ਮਿਲਿਆ ਸੀ ਅਤੇ ਅਸੀਂ ਗਠਜੋੜ ਨਾਲ ਚੰਡੀਗੜ੍ਹ ਵਿੱਚ ਮੇਅਰ ਬਣਾਇਆ ਸੀ। ਇਸ ਵਾਰ ਵੀ ਅਸੀਂ ਗੱਠਜੋੜ ਨਾਲ ਚੰਡੀਗੜ੍ਹ ਦਾ ਮੇਅਰ ਬਣਾਵਾਂਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਲ ਸਾਡਾ ਕੋਈ ਗਠਜੋੜ ਨਹੀਂ ਹੈ ਪਰ ਚੰਡੀਗੜ੍ਹ ਦੇ ਲੋਕਾਂ ਨੂੰ ਭਾਜਪਾ ਤੋਂ ਛੁਟਕਾਰਾ ਦਿਵਾਉਣ ਦੇ ਲਈ ਅਸੀਂ ਮਿਲ ਕੇ ਚੱਲ ਰਹੇ ਹਾਂ। ਅਸੀਂ ਇਹ ਫੈਸਲਾ ਲਿਆ ਹੈ ਕਿ ਆਮ ਆਦਮੀ ਪਾਰਟੀ ਦਾ ਮੇਅਰ ਉਮੀਦਵਾਰ ਹੋਵੇਗਾ ਜਦਕਿ ਕਾਂਗਰਸ ਦਾ ਕੌਂਸਲਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਉਮੀਦਵਾਰ ਹੋਵੇਗਾ।