ਚੰਡੀਗੜ੍ਹ: ਚੰਡੀਗੜ੍ਹ ਵਿੱਚ ਮੇਅਰ ਚੋਣਾਂ ਨੂੰ ਲੈ ਕੇ ਹੋ ਰਹੇ ਹੰਗਾਮੇ ਦਰਮਿਆਨ ਆਮ ਆਦਮੀ ਪਾਰਟੀ ਵੱਡਾ ਪ੍ਰਦਰਸ਼ਨ ਕਰੇਗੀ। ਅੱਜ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਦਿੱਲੀ ਸਥਿਤ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਦੀ ਤਿਆਰੀ ਕਰ ਰਹੇ ਹਨ। ‘ਆਪ’ ਦਾ ਦੋਸ਼ ਹੈ ਕਿ ਭਾਜਪਾ ਦੇ ਪ੍ਰੀਜ਼ਾਈਡਿੰਗ ਅਫ਼ਸਰ ਨੇ ਚੋਣਾਂ ਵਿੱਚ ਧਾਂਦਲੀ ਕਰਕੇ ਭਾਜਪਾ ਦਾ ਮੇਅਰ ਬਣਾਇਆ ਹੈ। ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਵਰਕਰਾਂ ਨੂੰ ਅੱਜ ਦਿੱਲੀ ਪਹੁੰਚਣ ਲਈ ਕਿਹਾ ਗਿਆ ਹੈ। ਉਧਰ ਦੂਜੇ ਪਾਸੇ ਹਾਈਕੋਰਟ ਵਲੋਂ ਜਿਥੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਜਵਾਬ ਦਾਖਲ ਕਰਨ ਲਈ ਤਿੰਨ ਹਫ਼ਤੇ ਦਾ ਸਮਾਂ ਦਿੱਤਾ ਹੈ ਤਾਂ ਸੁਪਰੀਮ ਕੋਰਟ ਤੱਕ ਵੀ ਇਹ ਮਾਮਲਾ ਪਹੁੰਚ ਚੁੱਕਿਆ ਹੈ।
ਇੰਡੀਆ ਗਠਜੋੜ ਨੂੰ ਮੇਅਰ ਚੋਣਾਂ ਦੇ ਨਤੀਜ਼ਿਆਂ 'ਤੇ ਇਤਰਾਜ਼: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ 'ਤੇ 30 ਜਨਵਰੀ ਨੂੰ ਚੰਡੀਗੜ੍ਹ 'ਚ ਹੋਈਆਂ ਮੇਅਰ ਚੋਣਾਂ 'ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਇੰਡੀਆ ਗਠਜੋੜ ਕੀਤਾ ਸੀ। ਇਸ ਵਿੱਚ 13 ਵੋਟਾਂ 'ਆਪ' ਦੀਆਂ ਸਨ, ਜਦਕਿ 7 ਵੋਟਾਂ ਕਾਂਗਰਸ ਪਾਰਟੀ ਦੀਆਂ ਸਨ। ਦੋਵਾਂ ਦੀਆਂ ਵੋਟਾਂ ਇਕੱਠੀਆਂ ਕਰਕੇ I.N.D.I.A. ਗਠਜੋੜ ਕੋਲ ਕੁੱਲ 20 ਵੋਟਾਂ ਸਨ। ਜਦੋਂਕਿ ਭਾਜਪਾ ਕੋਲ ਕੌਂਸਲਰਾਂ ਦੀਆਂ 14 ਵੋਟਾਂ, ਸੰਸਦ ਮੈਂਬਰ ਕਿਰਨ ਖੇਰ ਦੀ ਇੱਕ ਵੋਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਦੀ ਇੱਕ ਵੋਟ ਸੀ। ਭਾਰਤੀ ਜਨਤਾ ਪਾਰਟੀ ਦੀਆਂ ਕੁੱਲ 16 ਵੋਟਾਂ ਸਨ। ਅਜਿਹੀ ਸਥਿਤੀ ਵਿੱਚ ਇੰਡੀਆ ਗਠਜੋੜ ਉਮੀਦਵਾਰ ਕੁਲਦੀਪ ਕੁਮਾਰ ਦੀ ਜਿੱਤ ਹੋਣੀ ਲਗਭਗ ਤੈਅ ਸੀ ਪਰ ਨਤੀਜਿਆਂ ਦੇ ਸਮੇਂ ਭਾਰਤੀ ਜਨਤਾ ਪਾਰਟੀ ਨੂੰ 16 ਵੋਟਾਂ ਮਿਲੀਆਂ ਸਨ। ਜਦੋਂ ਕਿ 'ਆਪ' ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਨੂੰ 12 ਵੋਟਾਂ ਮਿਲੀਆਂ ਅਤੇ 8 ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ। ਗਠਜੋੜ ਨੂੰ ਇਨ੍ਹਾਂ ਅੱਠ ਵੋਟਾਂ ’ਤੇ ਹੀ ਇਤਰਾਜ਼ ਹੈ। ਇਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।