ਹੈਦਰਾਬਾਦ ਡੈਸਕ: ਕਿਸਾਨਾਂ ਦੇ ਅਤੇ ਜਗਜੀਤ ਸਿੰਘ ਡੱਲੇਵਾਲ ਦੇ ਇਰਾਦੇ ਅੱਗੇ ਕੇਂਦਰ ਨੇ ਝੁਕਦੀ ਨਜ਼ਰ ਆ ਰਹੀ ਹੈ। ਅੱਜ ਕੇਂਦਰ ਦੇ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਤੋਂ ਬਾਅਦ ਕੇਂਦਰ ਨਾਲ 14 ਫਰਵਰੀ ਨੂੰ ਮੁਲਾਕਾਤ ਦਾ ਫੈਸਲਾ ਕੀਤਾ ਹੈ। ਇਸੇ ਦੌਰਾਨ ਹੁਣ ਕਿਸਾਨ ਆਗੂਆਂ ਵੱਲੋਂ ਡੱਲੇਵਾਲ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਲੈਣ ਦੀ ਅਪੀਲ ਕੀਤੀ ਗਈ ਹੈ।
ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਸਬੰਧੀ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਜਾਵੇਗੀ। ਸ਼ਨੀਵਾਰ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ ਪ੍ਰਿਯਰੰਜਨ ਖਨੌਰੀ ਸਰਹੱਦ 'ਤੇ ਪਹੁੰਚੇ। ਇੱਥੇ ਉਹ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲੇ ਅਤੇ ਉਨ੍ਹਾਂ ਨੂੰ ਮੀਟਿੰਗ ਲਈ ਸੱਦਾ ਦਿੱਤਾ। ਇਸ ਤੋਂ ਬਾਅਦ ਡੱਲੇਵਾਲ ਮੈਡੀਕਲ ਸਹੂਲਤ ਲੈਣ ਲਈ ਰਾਜ਼ੀ ਹੋ ਗਏ। ਉਨ੍ਹਾਂ ਨੂੰ ਗਲੂਕੋਜ਼ ਦਿੱਤਾ ਗਿਆ। ਡੱਲੇਵਾਲ ਦੇ ਮਰਨ ਵਰਤ ਦਾ ਅੱਜ 55ਵਾਂ ਦਿਨ ਹੈ।
ਕੇਂਦਰ ਵੱਲੋਂ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ (Etv Bharat) ਸੱਦੇ ਵਿਚ ਲਿਖਿਆ ਗਿਆ ਕਿ ਭਾਰਤੀ ਕਿਸਾਨ ਯੂਨੀਅਨ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀਆਂ ਮੰਗਾਂ ਸਬੰਧੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਮੀਟਿੰਗ 14 ਫਰਵਰੀ ਨੂੰ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਲੋਕ ਪ੍ਰਸ਼ਾਸਨ ਵਿਖੇ ਹੋਵੇਗੀ। ਅਸੀਂ ਉਮੀਦ ਕਰਦੇ ਹਾਂ ਕਿ ਡੱਲੇਵਾਲ ਜਲਦੀ ਹੀ ਆਪਣਾ ਮਰਨ ਵਰਤ ਖਤਮ ਕਰਕੇ ਮੀਟਿੰਗ ਵਿੱਚ ਸ਼ਾਮਲ ਹੋਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿਯਰੰਜਨ ਨੇ ਕਿਹਾ ਕਿ ਮਰਨ ਵਰਤ 'ਤੇ ਬੈਠੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕੇਂਦਰ ਨੂੰ ਚਿੰਤਾ ਹੈ। ਅਸੀਂ ਇੱਥੇ ਇਸ ਲਈ ਆਏ ਹਾਂ ਤਾਂ ਕਿ ਕੋਈ ਰਸਤਾ ਲੱਭਿਆ ਜਾ ਸਕੇ। ਕੇਂਦਰੀ ਅਧਿਕਾਰੀਆਂ ਨੇ ਡੱਲੇਵਾਲ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ। ਡੱਲੇਵਾਲ ਨੇ ਸਪੱਸ਼ਟ ਕੀਤਾ ਕਿ ਮਰਨ ਵਰਤ ‘ਤੇ ਬੈਠੇ 121 ਕਿਸਾਨਾਂ ਨਾਲ ਗੱਲ ਕੀਤੀ ਜਾਵੇ।
121 ਕਿਸਾਨਾਂ ਨੇ ਕਿਹਾ ਕਿ ਪਹਿਲਾਂ ਡੱਲੇਵਾਲ ਕੁਝ ਖਾ ਲਵੇ, ਫਿਰ ਖਾਵਾਂਗੇ। ਉਨ੍ਹਾਂ ਨਾਲ ਹੀ ਵਰਤ ਖਤਮ ਕਰਨਗੇ। ਕਿਸਾਨਾਂ ਨੇ ਡੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਕਰਵਾਉਣ ਲਈ ਹਾਮੀ ਭਰ ਦਿੱਤੀ ਹੈ। ਡਾਕਟਰਾਂ ਨੇ ਕਿਹਾ ਹੈ ਕਿ ਡੱਲੇਵਾਲ 14 ਫਰਵਰੀ ਤੱਕ ਡਾਕਟਰੀ ਸਹਾਇਤਾ 'ਤੇ ਨਹੀਂ ਬਚ ਸਕਦੇ। ਜਿਸ 'ਤੇ ਕਿਸਾਨ ਆਗੂ ਕਾਕਾ ਸਿੰਘ ਕੋਕੜਾ ਨੇ ਕਿਹਾ ਕਿ ਹੁਣ ਡੱਲੇਵਾਲ 'ਤੇ ਜੋਰ ਪਾਇਆ ਜਾਵੇਗਾ ਕਿ ਉਹ ਮੈਡੀਕਲ ਸਹੂਲਤ ਲੈਣ ਅਤੇ ਮਰਨ ਵਰਤ ਖਤਮ ਕਰਨ ।
ਡੱਲੇਵਾਲ ਨੇ ਦਿੱਤਾ ਵੱਡਾ ਬਿਆਨ
ਕਿਸਾਨ ਆਗੂਆਂ ਵੱਲੋਂ ਕੇਂਦਰੀ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਮੇਰੀ ਸਹਿਮਤੀ ਤੋਂ ਪਹਿਲਾਂ ਮਰਨ ਵਰਤ 'ਤੇ ਬੈਠੇ 121 ਕਿਸਾਨਾਂ ਦੀ ਰਾਏ ਲੈਣਾ ਜ਼ਰੂਰੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਡੱਲੇਵਾਲ ਨੇ ਆਖਿਆ ਕਿ ਮੈਂ ਮਰਨ ਵਰਤ ਨਹੀਂ ਤੋੜਣਾ ਸਿਰਫ਼ ਡਾਕਟਰੀ ਸਹਾਇਤਾ ਹੀ ਲੈਣੀ ਹੈ। ਡੱਲੇਵਾਲ ਨੇ ਕਿਹਾ ਕਿ ਮੈਂ ਦੇਸ਼ ਦੇ ਕਿਸਾਨਾਂ ਨੂੰ ਹੁਣ ਆਪਣਾ ਮਰਨ ਵਰਤ ਤੋੜ ਕੇ ਪਿੱਠ ਨਹੀਂ ਦਿਖਾਉਣੀ। ਮੈਂ ਅੰਨ ਦਾ ਇੱਕ ਵੀ ਦਾਣਾ ਨਹੀਂ ਖਾਣਾ, ਮੈਂ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲਣ ਤੱਕ ਪਿੱਛੇ ਨਹੀਂ ਹੱਟਣਾ।
ਕੇਂਦਰ ਨਾਲ ਮੀਟਿੰਗਾਂ ਦਾ ਦੌਰ
ਕਿਸਾਨ ਆਗੂਆਂ ਨੇ ਆਖਿਆ ਕਿ ਕੇਂਦਰ ਨੇ ਮੁਲਾਕਾਤ ਦਾ ਸਿਲਲਿਸਾ ਸ਼ੁਰੂ ਕਰ ਦਿੱਤੀ ਗਈ ਹੈ।ਅੱਜ ਦੀ ਮੀਟਿੰਗ 'ਚ ਕੇਂਦਰ ਦੇ ਅਧਿਕਾਰੀ ਸ਼ਾਮਿਲ ਹੋਏ, ਕਰੀਬ ਦੋ ਘੰਟੇ ਤੱਕ ਚੱਲੀ ਮੀਟਿੰਗ 'ਚ ਕੇਂਦਰ ਵੱਲੋਂ ਐਮਐਸਪੀ ਦੇ ਮੁੱਦੇ 'ਤੇ ਗੱਲ ਕੀਤੀ ਗਈ। ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 54ਵਾਂ ਦਿਨ ਹੈ। ਡੱਲੇਵਾਲ ਨੇ ਸ਼ੁੱਕਰਵਾਰ ਰਾਤ ਨੂੰ 3-4 ਵਾਰ ਉਲਟੀਆਂ ਕੀਤੀਆਂ। ਪਹਿਲਾਂ ਉਹ 2 ਲੀਟਰ ਤੱਕ ਪਾਣੀ ਪੀਂਦਾ ਸੀ, ਪਰ ਹੁਣ ਉਹ ਇੱਕ ਲੀਟਰ ਤੋਂ ਵੀ ਘੱਟ ਪੀ ਰਿਹਾ ਹੈ। ਸ਼ਨੀਵਾਰ ਨੂੰ ਕੇਂਦਰੀ ਖੇਤੀਬਾੜੀ ਮੰਤਰਾਲੇ ਦੀ ਸੰਯੁਕਤ ਸਕੱਤਰ ਪ੍ਰਿਆ ਰੰਜਨ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਵਫ਼ਦ ਖਨੌਰੀ ਸਰਹੱਦ 'ਤੇ ਪਹੁੰਚਿਆ। ਇੱਥੇ ਉਹ ਕਿਸਾਨ ਆਗੂ ਡੱਲੇਵਾਲ ਨੂੰ ਮਿਲੇ। ਵਫ਼ਦ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਚਿੰਤਤ ਹੈ। ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ।
SKM-ਫਰੰਟ ਦੇ ਆਗੂਆਂ ਦੀ ਮੀਟਿੰਗ ਅਸਫਲ
ਇਸ ਦੇ ਨਾਲ ਹੀ ਖਨੌਰੀ ਅਤੇ ਸ਼ੰਭੂ ਮੋਰਚਾ ਦੇ ਆਗੂਆਂ ਅਤੇ ਸੰਯੁਕਤ ਕਿਸਾਨ ਮੋਰਚਾ (SKM) ਦੇ ਆਗੂਆਂ ਨੇ ਪਟਿਆਲਾ ਦੇ ਪਤਾਰਾ ਵਿੱਚ ਮੀਟਿੰਗ ਕੀਤੀ। ਮੀਟਿੰਗ ਵਿੱਚ 26 ਜਨਵਰੀ ਨੂੰ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਨੂੰ ਲੈ ਕੇ ਰਣਨੀਤੀ ਬਣਾਈ ਗਈ ਪਰ ਸ਼ੰਭੂ-ਖਨੌਰੀ ਸਰਹੱਦ ਦੇ ਐਸ.ਕੇ.ਐਮ ਦੇ ਆਗੂਆਂ ਦੀ ਏਕਤਾ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ। ਐਸਕੇਐਮ ਨੇ ਇਸ ਲਈ ਹੋਰ ਸਮਾਂ ਮੰਗਿਆ ਹੈ। SKM ਨੇਤਾ ਸੋਮਵਾਰ ਨੂੰ ਦੇਸ਼ ਦੇ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਸੌਂਪਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ
ਦੂਜੇ ਪਾਸੇ SKM ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਜਿਸ ਵਿਚ ਉਨ੍ਹਾਂ ਕਿਸਾਨ ਆਗੂ ਡੱਲੇਵਾਲ ਦੀ ਸਿਹਤ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ |
ਡੱਲੇਵਾਲ ਨੇ 20 ਕਿਲੋ ਭਾਰ ਘਟਾਇਆ
ਕਿਸਾਨ ਆਗੂ ਅਭਿਮਨਿਊ ਕੋਹਾੜ ਦਾ ਕਹਿਣਾ ਹੈ ਕਿ ਡੱਲੇਵਾਲ ਦਾ ਭਾਰ 20 ਕਿਲੋ ਘਟ ਗਿਆ ਹੈ। ਜਦੋਂ ਉਹ ਮਰਨ ਵਰਤ 'ਤੇ ਸਨ ਤਾਂ ਉਸਦਾ ਭਾਰ 86 ਕਿਲੋ 950 ਗ੍ਰਾਮ ਸੀ। ਹੁਣ ਇਹ ਘਟ ਕੇ 66 ਕਿਲੋ 400 ਗ੍ਰਾਮ ਰਹਿ ਗਿਆ ਹੈ। ਡੱਲੇਵਾਲ ਦੀ ਤਾਜ਼ਾ ਮੈਡੀਕਲ ਰਿਪੋਰਟ ਅਨੁਸਾਰ ਕਿਡਨੀ ਅਤੇ ਲੀਵਰ ਨਾਲ ਸਬੰਧਤ ਟੈਸਟਾਂ ਦਾ ਨਤੀਜਾ 1.75 ਹੈ, ਜੋ ਕਿ ਆਮ ਹਾਲਤਾਂ ਵਿਚ 1 ਤੋਂ ਘੱਟ ਹੋਣਾ ਚਾਹੀਦਾ ਹੈ। ਸਰਕਾਰ ਜਾਣ-ਬੁੱਝ ਕੇ ਸੁਪਰੀਮ ਕੋਰਟ ਨੂੰ ਉਨ੍ਹਾਂ ਟੈਸਟਾਂ ਦੇ ਨਤੀਜੇ ਦੱਸਦੀ ਹੈ ਜਿਨ੍ਹਾਂ ਨੂੰ ਸਾਹਮਣੇ ਆਉਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ।