ਲੁਧਿਆਣਾ :ਆਉਂਦੇ ਦਿਨਾਂ ਦੇ ਵਿੱਚ ਉੱਤਰ ਭਾਰਤ ਦੇ ਵਿੱਚ ਗਰਮੀ ਦਾ ਕਹਿਰ ਵੇਖਣ ਨੂੰ ਮਿਲੇਗਾ ਖਾਸ ਕਰਕੇ ਪੰਜਾਬ ਦੇ ਵਿੱਚ ਟੈਂਪਰੇਚਰ 45 ਡਿਗਰੀ ਤੱਕ ਵੀ ਪਹੁੰਚ ਸਕਦੇ ਹਨ। ਆਈਐਮਡੀ ਵੱਲੋਂ ਇਹ ਹੀਟ ਵੇਵਸ ਨੂੰ ਲੈ ਕੇ ਭਵਿੱਖਬਾਣੀ ਜਾਰੀ ਕੀਤੀ ਗਈ ਹੈ ਅਤੇ ਨਾਲ ਹੀ 16 ਮਈ ਤੋਂ ਲੈ ਕੇ 18 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉਸ ਤੋਂ ਬਾਅਦ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਸਿੱਧੀ ਧੁੱਪ ਦੇ ਸੰਪਰਕ ਵਿੱਚ ਆਉਣ ਤੋਂ ਕਰੋ ਗੁਰੇਜ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਵੱਲੋਂ ਮੌਸਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ, ਨਾਲ ਹੀ ਲੂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਇਹਨਾਂ ਦਿਨਾਂ ਦੇ ਵਿੱਚ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਕਿਸਾਨ ਵੀ ਆਪਣੀ ਫਸਲਾਂ ਦਾ ਜਰੂਰ ਧਿਆਨ ਰੱਖਣ, ਲੋੜ ਦੇ ਮੁਤਾਬਿਕ ਫਸਲਾਂ ਨੂੰ ਪਾਣੀ ਜਰੂਰ ਲਾਉਂਦੇ ਰਹਿਣ। ਖਾਸ ਕਰਕੇ ਦੁਪਹਿਰ ਵੇਲੇ ਕੋਈ ਜਿਆਦਾ ਕੰਮ ਨਾ ਕਰੇ ਅਤੇ ਘਰ ਦੇ ਵਿੱਚ ਹੀ ਰਹਿਣ। ਉਹਨਾਂ ਸਿੱਧੀ ਧੁੱਪ ਦੇ ਸੰਪਰਕ ਵਿੱਚ ਆਉਣ ਤੋਂ ਲੋਕਾਂ ਨੂੰ ਗੁਰੇਜ ਕਰਨ ਦੀ ਸਲਾਹ ਦਿੱਤੀ।