ਫਿਰੋਜ਼ਪੁਰ : ਸਾਲ 2022 'ਚ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਰੋਕਣ ਵਾਲੇ ਕਿਸਾਨਾਂ ਵਿਰੁੱਧ ਫਿਰੋਜ਼ਪੁਰ ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਵਿੱਚ, ਪੁਲਿਸ ਨੇ ਆਈਪੀਸੀ ਦੀਆਂ ਧਾਰਾਵਾਂ ਵਧਾ ਦਿੱਤੀਆਂ ਹਨ। ਕਿਸਾਨਾਂ 'ਤੇ ਧਾਰਾ 307 ਵੀ ਲਗਾਈ ਗਈ ਹੈ। ਇਹ ਐਕਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ 'ਚ ਹੋਇਆ ਹੈ। ਪੰਜਾਬ ਵਿੱਚ 25 ਕਿਸਾਨਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਤੇ ਨਾਲ ਹੀ ਕਤਲ ਦੀ ਕੋਸ਼ਿਸ਼ ਦੀ ਧਾਰਾ ਵੀ ਜੋੜ ਦਿੱਤੀ ਗਈ ਹੈ। ਜਿਸ ਸਬੰਧੀ ਕਿਸਾਨ ਆਗੂਆਂ 'ਚ ਰੋਸ ਪਾਇਆ ਜਾ ਰਿਹਾ ਹੈ।
'ਫਿਰੋਜ਼ਪੁਰ 'ਚ PM ਕਾਫ਼ਲੇ ਨੂੰ ਰੋਕਣ ਵਾਲੇ ਕਿਸਾਨਾਂ 'ਤੇ ਦਰਜ ਮਾਮਲੇ ਨਿੰਦਣਯੋਗ' (Etv Bharat) ਕਿਸਾਨਾਂ ਨੇ ਰੋਕਿਆ ਪ੍ਰਧਾਨ ਮੰਤਰੀ ਦਾ ਕਾਫਲਾ
ਕਿਸਾਨਾਂ ਖਿਲਾਫ ਕਾਰਵਾਈ ਸਬੰਧੀ ਫਿਰੋਜ਼ਪੁਰ ਤੋਂ ਕਿਸਾਨ ਆਗੂ ਬਲਦੇਵ ਸਿੰਘ ਜੀਰਾ ਨੇ ਕਿਹਾ ਕਿ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਪਹਿਲਾਂ ਹੀ ਰਣਨੀਤੀ ਮੁਤਾਬਿਕ ਧਰਨੇ ਦੀ ਜਗ੍ਹਾ ਤੈਅ ਕੀਤੀ ਗਈ ਸੀ। ਇਸ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਸੜਕੀਂ ਰਸਤੇ 'ਤੇ ਆਉਣ ਵਾਲੇ ਕਾਫਲੇ ਦੀ ਜਾਣਕਾਰੀ ਨਹੀਂ ਸੀ ਜਿਸ ਕਾਰਨ ਪ੍ਰਧਾਨ ਮੰਤਰੀ ਨੂੰ ਪਿੰਡ ਪਿਆਰੇ ਅਨਾ ਦੇ ਪੁੱਲ 'ਤੇ ਲਗਭਗ 15 ਮਿੰਟ ਖੜ੍ਹੇ ਰਹਿਣਾ ਪਿਆ ਅਤੇ ਪ੍ਰੋਗਰਾਮ ਦਾ ਉਦਘਾਟਨ ਕੀਤੇ ਬਿਨਾਂ ਹੀ ਵਾਪਸ ਪਰਤਣਾ ਪਿਆ, ਜਿਸ 'ਤੇ ਪੁਲਿਸ ਨੇ 25 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਸੀ।
ਬਿਨਾਂ ਜਾਣਕਾਰੀ ਦੇ ਕਿਸਾਨਾਂ ਖਿਲਾਫ ਜਾਰੀ ਸਮੰਨ
ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਵੇਲੇ ਪੁਲਿਸ ਨੇ ਆਈਪੀਸੀ ਦੀ ਧਾਰਾ 283 ਲਗਾਈ ਸੀ ਜੋ ਕਿ ਜ਼ਮਾਨਤਯੋਗ ਸੀ ਪਰ ਬਾਅਦ ਵਿੱਚ ਫਿਰੋਜ਼ਪੁਰ ਪੁਲਿਸ ਨੇ ਇਸ ਮਾਮਲੇ ਵਿੱਚ ਅਪਰਾਧ ਵਧਾ ਦਿੱਤਾ ਅਤੇ 20/12/2024 ਨੂੰ ਕਤਲ ਦੇ ਇਰਾਦੇ ਨਾਲ ਆਈਪੀਸੀ ਦੀਆਂ ਧਾਰਾਵਾਂ 307,353,341,186,149, ਅਤੇ 8ਬੀ ਨੈਸ਼ਨਲ ਹਾਈਵੇਅ ਐਕਟ ਲਗਾ ਦਿੱਤਾ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਕਮਲਜੀਤ ਪੁੱਤਰ ਬਲਜਿੰਦਰ ਸਿੰਘ ਵਾਸੀ ਪਿਆਰੇ ਵਾਲਾ ਪਿੰਡ, ਫਿਰੋਜ਼ਪੁਰ ਨੇ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ। ਜਿਸ ਨੂੰ ਜ਼ਿਲ੍ਹਾ ਸੈਸ਼ਨ ਜੱਜ ਵਰਿੰਦਰ ਅਗਰਵਾਲ ਨੇ ਰੱਦ ਕਰ ਦਿੱਤਾ, ਜਿਸ ਵਿੱਚ ਪੀ.ਟੀ.ਏ. ਨੇ ਕਿਹਾ ਕਿ ਪੁਲਿਸ ਨੇ ਧਾਰਾਵਾਂ ਵਧਾ ਦਿੱਤੀਆਂ ਹਨ ਅਤੇ ਇਸ ਮਾਮਲੇ ਵਿੱਚ ਕੁਝ ਹੋਰ ਲੋਕਾਂ ਨੂੰ ਵੀ ਨਾਮਜ਼ਦ ਵੀ ਕੀਤਾ ਗਿਆ ਹੈ।
ਪੰਜਾਬ ਸਰਕਾਰ ਖਿਲਾਫ ਕਿਸਾਨਾਂ ਦਾ ਗੁੱਸਾ
ਕਿਸਾਨਾਂ ਖਿਲਾਫ ਦਰਜ 307 ਦੀ ਧਾਰਾ ਤੋਂ ਬਾਅਦ ਕਿਸਾਨਾਂ ਵਿੱਚ ਵੱਡੇ ਪਧਰ 'ਤੇ ਰੋਸ ਪਾਇਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਪੰਜਾਬ ਦੇ ਕਿਸਾਨ ਅੱਜ ਮੁਸੀਬਤ ਵਿੱਚ ਹਨ। ਪੰਜਾਬ ਸਰਕਾਰ ਨੇ ਕਿਸਾਨਾਂ ਪ੍ਰਤੀ ਹਮਦਰਦੀ ਦਿਖਾਉਣ ਦੀ ਬਜਾਏ ਮਾਮਲੇ ਦਰਜ ਕਰਵਾਏ ਹਨ, ਜੋ ਕਿ ਬੇਹੱਦ ਨਿੰਦਣਯੋਗ ਹੈ।
ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਸੁਰੱਖਿਆ ਕੁਤਾਹੀ ਦੇ ਦਿਨ ਪ੍ਰਧਾਨ ਮੰਤਰੀ ਨੂੰ ਫਿਰੋਜ਼ਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਾ ਸੀ। ਪਹਿਲਾਂ ਉਨ੍ਹਾਂ ਨੇ ਹੈਲੀਕਾਪਟਰ ਤੋਂ ਜਾਣਾ ਸੀ ਪਰ ਮੌਸਮ ਦੀ ਖਰਾਬੀ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਸੜਕ ਦੇ ਰਸਤੇ ਤੋਂ ਲਿਜਾਇਆ ਗਿਆ ਪਰ ਰਸਤੇ ਵਿਚ ਕਿਸਾਨਾਂ ਨੇ ਜਾਮ ਲਗਾ ਦਿੱਤਾ ਜਿਸ ਦੇ ਬਾਅਦ ਫੰ ਮੋਦੀ ਦਾ ਕਾਫਲਾ ਲਗਭਗ 20 ਮਿੰਟ ਫਿਰੋਜ਼ਪੁਰ ਦੇ ਪਿਆਰੇਆਣਾ ਫਲਾਈਓਵਰ ‘ਤੇ ਰੁਕਿਆ ਰਿਹਾ ਜਿਸ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਪਸ ਪਰਤ ਆਏ ਤੇ ਦਿੱਲੀ ਚਲੇ ਗਏ। ਦਿੱਲੀ ਜਾਂਦੇ ਹੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ"ਸ਼ੂਕਰ ਹੈ ਮੈਂ ਜ਼ਿੰਦਾ ਵਾਪਿਸ ਆ ਗਿਆ ਹਾਂ"