ਲੁਧਿਆਣਾ: ਡਾਕਟਰ ਹਰਭਜਨ ਦਾਸ ਭਾਵੇਂ ਕਿ ਮੈਡੀਸਨ ਦੀ ਮੁਹਾਰਤ ਹਾਸਿਲ ਕਰਕੇ ਤਾਹ ਉਮਰ ਲੋਕਾਂ ਦੀ ਸੇਵਾ ਕਰਦੇ ਰਹੇ ਹਨ, ਪਰ ਉਨਾਂ ਦੇ ਪੇਂਟਿੰਗ ਅਤੇ ਬਾਗਬਾਨੀ ਦੇ ਸ਼ੌਂਕ ਨੇ ਹੁਣ ਉਨ੍ਹਾਂ ਨੂੰ ਇੱਕ ਨਵਾਂ ਟੀਚਾ ਦੇ ਦਿੱਤਾ ਹੈ। ਡਾਕਟਰ ਹਰਭਜਨ ਦਾਸ ਪਿਛਲੇ 10 ਸਾਲਾਂ ਤੋਂ ਬਾਗਬਾਨੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਕੈਕਟਸ ਲਾਉਣ ਦਾ ਸ਼ੌਂਕ ਹੈ। ਸ਼ਾਇਦ ਹੀ ਦੁਨੀਆਂ ਦਾ ਕੋਈ ਅਜਿਹਾ ਮਸ਼ਹੂਰ ਕੈਕਟਸ ਹੋਵੇਗਾ, ਜੋ ਉਨ੍ਹਾਂ ਦੇ ਕੋਲ ਨਾ ਹੋਵੇ। ਉਨ੍ਹਾਂ ਕੋਲ ਹਜ਼ਾਰਾਂ ਹੀ ਕਿਸਮਾਂ ਦੇ ਕੈਕਟਸ ਹਨ। ਆਪਣੇ ਘਰ ਵਿੱਚ ਹੀ ਉਨ੍ਹਾਂ ਨੇ ਬਗੀਚੀ ਬਣਾਈ ਹੋਈ ਹੈ ਜਿਸ ਵਿੱਚ ਉਹ ਬਾਗਬਾਨੀ ਕਰਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੋਣ ਵਾਲੀ ਫੁੱਲਾ ਦੀ ਪ੍ਰਦਰਸ਼ਨੀ ਵਿੱਚ ਹਰ ਸਾਲ ਉਹ ਕੈਕਟਸ ਦੀ ਕੈਟਾਗਰੀ ਵਿੱਚ ਮੁਕਾਬਲਿਆਂ ਦੇ ਅੰਦਰ ਹਿੱਸਾ ਲੈ ਕੇ ਹਰ ਸਾਲ ਕੋਈ ਨਾ ਕੋਈ ਇਨਾਮ ਆਪਣੇ ਨਾਮ ਕਰਦੇ ਹਨ।
ਬਾਗਬਾਨੀ ਦਾ ਸ਼ੌਂਕ:ਡਾਕਟਰ ਹਰਭਜਨ ਦਾਸ ਨੇ ਦੱਸਿਆ ਕਿ ਲਗਭਗ 10 ਤੋਂ 15 ਸਾਲ ਪਹਿਲਾਂ ਉਨ੍ਹਾਂ ਨੂੰ ਇਸ ਦਾ ਸ਼ੌਕ ਪਿਆ ਸੀ। ਦਰਅਸਲ, ਉਹ ਵੇਰਕਾ ਮਿਲਕ ਪਲਾਂਟ ਵਿੱਚ ਤੈਨਾਤ ਸਨ। ਉਸ ਵੇਲੇ ਉਨ੍ਹਾਂ ਨੂੰ ਪਲਾਂਟ ਵਿੱਚ ਲੱਗੇ ਕੈਕਟਸ ਦੇ ਬੂਟੇ ਬਹੁਤ ਚੰਗੇ ਲੱਗੇ, ਜਿਨ੍ਹਾਂ ਨੂੰ ਉਹ ਆਪਣੇ ਨਾਲ ਘਰ ਲੈ ਆਏ ਅਤੇ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਫੁੱਲਾਂ ਦੀ ਪ੍ਰਦਰਸ਼ਨ ਦੇ ਮੁਕਾਬਲਿਆਂ ਦੇ ਦੌਰਾਨ ਕੈਕਟਸ ਦੀ ਕੈਟਾਗਰੀ ਰੱਖੀ ਗਈ, ਤਾਂ ਉਨ੍ਹਾਂ ਨੂੰ ਦੋ ਬੂਟਿਆਂ ਵਿੱਚੋਂ ਹੀ ਦੂਜਾ ਇਨਾਮ ਮਿਲ ਗਿਆ ਜਿਸ ਤੋਂ ਉਹ ਕਾਫੀ ਖੁਸ਼ ਹੋਏ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਉੱਤੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਨਾ ਸਿਰਫ ਭਾਰਤ ਦੇ ਵਿੱਚ ਹੋਣ ਵਾਲੇ, ਸਗੋਂ ਬਾਹਰਲੇ ਮੁਲਕਾਂ ਵਿੱਚ ਹੋਣ ਵਾਲੇ ਕੈਕਟਸ ਵੀ ਉਨ੍ਹਾਂ ਨੇ ਆਪਣੀ ਬਗੀਚੀ ਸ਼ਾਮਿਲ ਕਰ ਲਏ।
ਵਿਦੇਸ਼ੀ ਕਿਸਮਾਂ:ਡਾਕਟਰ ਹਰਭਜਨ ਦਾਸ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੇਟੇ ਹਨ ਅਤੇ ਦੋਵੇਂ ਹੀ ਆਸਟ੍ਰੇਲੀਆ ਵਿੱਚ ਰਹਿੰਦੇ ਹਨ। ਉਹ ਲੁਧਿਆਣਾ ਵਿੱਚ ਆਪਣੀ ਪਤਨੀ ਦੇ ਨਾਲ ਰਹਿੰਦੇ ਹਨ। ਘਰ ਵਿੱਚ ਪ੍ਰੈਕਟਿਸ ਵੀ ਕਰਦੇ ਹਨ ਅਤੇ ਨਾਲ ਹੀ ਆਪਣੀ ਬਗੀਚੀ ਵਿੱਚ ਸਮਾਂ ਵੀ ਬਤੀਤ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਨਲਾਈਨ ਵੱਡੀ ਗਿਣਤੀ ਵਿੱਚ ਅਜਿਹੇ ਕੈਕਟਸ ਦੀ ਕਲੈਕਸ਼ਨ ਕੀਤੀ ਹੈ, ਜੋ ਕਿ ਦੁਰਲਭ ਹਨ। ਪੂਰੇ ਭਾਰਤ ਵਿੱਚ ਕਿਤੇ ਪਾਏ ਨਹੀਂ ਜਾਂਦੇ। ਹਰਭਜਨ ਨੇ ਕਿਹਾ ਕਿ ਸਵੇਰੇ ਸ਼ਾਮ ਉਹ ਇਨ੍ਹਾਂ ਨਾਲ ਆਪਣਾ ਸਮਾਂ ਬਤੀਤ ਕਰਦੇ ਹਨ। ਹਾਲ ਹੀ ਵਿੱਚ, ਨਗਰ ਨਿਗਮ ਵੱਲੋਂ ਉਨ੍ਹਾਂ ਦੀ ਬਗੀਚੀ ਨੂੰ ਵੇਖਦਿਆਂ ਹੋਇਆ, ਉਨ੍ਹਾਂ ਨੂੰ ਇੱਕ ਪ੍ਰੋਜੈਕਟ ਵੀ ਦਿੱਤਾ ਗਿਆ ਅਤੇ ਉਨ੍ਹਾਂ ਨੇ ਆਪਣੇ ਘਰ ਦੇ ਨੇੜੇ ਇੱਕ ਪਾਰਕ ਵਿੱਚ ਇੱਕ ਪੂਰਾ ਸੈਗਮੈਂਟ ਕੈਕਟਸ ਦੇ ਬੂਟਿਆਂ ਦਾ ਲਗਾਇਆ ਹੈ। ਇਹ ਲੋਕਾਂ ਦੀ ਪਸੰਦ ਬਣਿਆ ਕੈਕਟਸ ਦੇ ਬੂਟਿਆਂ ਦਾ ਲਗਾਇਆ ਹੈ ਜੋ ਕਿ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।