ਲੁਧਿਆਣਾ:ਰੂਰਲ ਜਾਂ ਪੇਂਡੂ ਓਲੰਪਿਕ ਕਹੇ ਜਾਣ ਵਾਲੀਆਂ ਖੇਡਾਂ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ। ਖੇਡਾਂ ਦੇ ਪਹਿਲੇ ਦਿਨ ਹਾਕੀ, 400 ਮੀਟਰ ਦੌੜ, ਖੋਖੋ, ਲੜਕੀਆਂ ਅਤੇ ਲੜਕਿਆਂ ਦੇ ਕਬੱਡੀ ਦੇ ਮੁਕਾਬਲੇ ਅਤੇ ਬਾਜੀਗਰਾਂ ਵੱਲੋਂ ਆਪਣੇ ਕਰਤੱਬ ਦਿਖਾਏ ਗਏ ਹਨ। ਰੂਰਲ ਓਲੰਪਿਕ ਦਾ ਇਹ ਮਹਾਕੁੰਭ 31 ਜਨਵਰੀ ਤੋਂ ਲੈ ਕੇ 2 ਫਰਵਰੀ ਤੱਕ ਚੱਲੇਗਾ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਹੋਰ ਵੀ ਆਗੂ ਪਹੁੰਚਣਗੇ।
ਪੁਰਾਤਨ ਦੇ ਨਾਲ-ਨਾਲ ਆਧੁਨਿਕ ਖੇਡਾਂ
ਅੱਜ ਇਹਨਾਂ ਖੇਡਾਂ ਦਾ ਰਸਮੀ ਤੌਰ ਉੱਤੇ ਅਗਾਜ਼ ਕਰਨ ਦੇ ਲਈ ਸੱਭਿਆਚਾਰਕ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰੂਰਲ ਓਲੰਪਿਕ ਖੇਡਾਂ ਦੀ ਅੱਜ ਸ਼ੁਰੂਆਤ ਹੋ ਗਈ ਹੈ। ਉਹਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਇਹ ਸਾਡਾ ਸੱਭਿਆਚਾਰ ਅਤੇ ਵਿਰਸੇ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਜਿਹੜੀਆਂ ਬੈਲ ਗੱਡੀਆਂ ਦੀਆਂ ਦੌੜਾਂ ਘੋੜਿਆਂ ਦੀਆਂ ਦੌੜਾਂ ਬੰਦ ਹੋਈਆਂ ਹਨ, ਉਸ ਦਾ ਕਾਰਨ ਅਦਾਲਤਾਂ ਦਾ ਫੈਸਲਾ ਹੈ ਕਿਉਂਕਿ ਜਾਨਵਰਾਂ ਉੱਤੇ ਤਸ਼ੱਦਦ ਹੁੰਦੀ ਹੈ, ਉਹਨਾਂ ਕਿਹਾ ਕਿ ਪਰ ਨਿਯਮਾਂ ਦੇ ਮੁਤਾਬਿਕ ਇਹ ਖੇਡਾਂ ਕਰਵਾਈਆਂ ਜਾ ਸਕਦੀਆਂ ਹਨ।