ਅੰਮ੍ਰਿਤਸਰ: ਸ਼ੰਭੂ ਬਾਰਡਰ ’ਤੇ 13 ਫਰਵਰੀ ਤੋਂ ਸ਼ੁਰੂ ਹੋਇਆ ਕਿਸਾਨਾਂ ਦਾ ਧਰਨਾ ਅੱਜ ਵੀ ਜਾਰੀ ਰਿਹਾ। ਧਰਨੇ ਵਿੱਚ ਅਜੇ ਵੀ ਹਜ਼ਾਰਾਂ ਕਿਸਾਨ ਹਿੱਸਾ ਲੈ ਰਹੇ ਹਨ। ਅੱਜ ਕਿਸਾਨ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਗੋਲਡਨ ਗੇਟ ਉੱਪਰ ਕੇਂਦਰ ਸਰਕਾਰ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਗੁਰਭੇਜ ਸਿੰਘ ਸੋਨੂ ਮਾਹਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਪੂਰੇ ਭਾਰਤ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਤੋਂ ਆਪਣੀ ਮੰਗ ਮਨਾਉਣ ਲਈ ਆਪਣੀ ਰਾਜਧਾਨੀ ਦਿੱਲੀ ਵਿੱਚ ਜਾ ਰਹੇ ਹਾਂ ਪਰ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਵੱਲੋਂ ਜਾਣ ਬੁਝ ਕੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਕਿਸਾਨਾਂ ਤੇ ਅੰਨਾ ਤਸ਼ੱਦਦ ਕੀਤਾ ਜਾ ਰਿਹਾ ਜਿਸ ਦੀ ਅਸੀਂ ਨਿਖੇਦੀ ਕਰਦੇ ਹਾਂ, ਜਿਸ ਦੇ ਚਲਦਿਆਂ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕਰ ਰਹੇ ਹਾਂ।
ਉਹਨਾਂ ਆਖਿਆ ਕਿ ਹਰਿਆਣਾ ਪੁਲਿਸ ਧਮਕੀਆਂ ਦੇ ਰਹੀ ਹੈ ਕਿ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਵੀਡਿਓ ਬਣਾਈਆਂ ਜਾ ਰਹੀਆਂ ਹਨ, ਉਨ੍ਹਾਂ ਦਾ ਪਾਸਪੋਰਟ ਰੱਦ ਕੀਤਾ ਜਾਵੇਗਾ ਪਰ ਕਿਸਾਨ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦੇ ਹਨ ਕਿ ਇਹ ਪੰਜਾਬ ਤੇ ਦੇਸ਼ ਦਾ ਕਿਸਾਨ ਹੈ। ਇਹ ਤੁਹਾਡੀ ਘੁਰਕੀਆਂ ਤੋਂ ਨਹੀਂ ਡਰਦਾ।