ਚੰਡੀਗੜ੍ਹ:ਪੰਜਾਬ ਸਰਕਾਰ ਵੱਲੋਂ ਲਗਾਤਾਰ ਪੰਜਾਬੀਆਂ ਨੂੰ ਵੱਡੇ ਝਟਕੇ ਦਿੱਤੇ ਜਾ ਰਹੇ ਹਨ। ਰੋਜ਼ਾਨਾ ਹੀ ਪੰਜਾਬ ਵਾਸੀਆਂ ਦੀਆਂ ਜੇਬ੍ਹਾਂ ਉੱਤੇ ਅਸਰ ਪਾਉਣ ਵਾਲੇ ਫਰਮਾਨ ਜਾਰੀ ਕੀਤੇ ਜਾ ਰਹੇ ਹਨ। ਬੀਤੇ ਦਿਨੀਂ ਪੰਜਾਬ 'ਚ ਡੀਜ਼ਲ 'ਤੇ ਵੈਟ 92 ਪੈਸੇ ਪ੍ਰਤੀ ਲੀਟਰ ਵਧਾਉਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਬੱਸਾਂ ਦੇ ਕਿਰਾਏ 'ਚ ਵੀ ਵਾਧਾ ਕਰ ਦਿੱਤਾ ਹੈ। ਬੱਸਾਂ ਦਾ ਕਿਰਾਇਆ 23 ਪੈਸੇ ਤੋਂ ਵਧਾ ਕੇ 46 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ
ਇਥੇ ਦੱਸਣਯੋਗ ਹੈ ਕਿ ਹੁਣ ਯਾਤਰੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਘੱਟੋ-ਘੱਟ 15 ਰੁਪਏ ਕਿਰਾਏ ਦਾ ਭੁਗਤਾਨ ਕਰਨਾ ਹੋਵੇਗਾ, ਭਾਵੇਂ ਉਹ ਸਿਰਫ ਇੱਕ ਕਿਲੋਮੀਟਰ ਦੀ ਦੂਰੀ ਹੀ ਤੈਅ ਕਰਨੀ ਹੋਵੇ ਪਰ ਇਨਾਂ ਕਿਰਾਇਆ ਦੇਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਇੰਟੈਗਰਲ ਕੋਚ ਦਾ ਕਿਰਾਇਆ 41.4 ਪੈਸੇ ਵਧਾ ਕੇ 2.61 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ, ਉੱਥੇ ਹੀ ਸੁਪਰ ਇੰਟੈਗਰਲ ਕੋਚ ਦਾ ਕਿਰਾਇਆ 46 ਪੈਸੇ ਵਧਾ ਕੇ 2.90 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਘਾਟੇ ਨੂੰ ਕਰ ਰਹੀ ਪੂਰਾ : ਨਵੀਆਂ ਲਾਗੂ ਕੀਤੀਆਂ ਗਈਆਂ ਕੀਮਤਾਂ ਮੁਤਾਬਕ ਐੱਚ.ਵੀ.ਏ.ਸੀ. ਬੱਸਾਂ ਦੇ ਕਿਰਾਏ ‘ਚ 27.80 ਪੈਸੇ ਦਾ ਵਾਧਾ ਕਰ ਕੇ 1.74 ਰੁ. ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ। ਦੱਸ ਦੀਏ ਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਲਗਾਤਾਰ ਪੰਜਾਬ ਦੀ ਜਨਤਾ ਨੂੰ ਦਿੱਤੀਆਂ ਸਹੂਲਤਾਂ ਤੋਂ ਬਾਅਦ ਲਗਾਤਾਰ ਘਾਟਾ ਹੋ ਰਿਹਾ ਸੀ ਜਿਸ ਕਾਰਨ ਇਹਨਾਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੋਂ ਬਾਅਦ ਬੱਸ ਕਿਰਾਏ ਵਿੱਚ ਵਾਧੇ ਨਾਲ ਸਰਕਾਰ ਨੂੰ 150 ਕਰੋੜ ਰੁਪਏ ਜੁਟਾਉਣ ਵਿੱਚ ਮਦਦ ਮਿਲੇਗੀ ਕਿ ਨਹੀਂ ।
ਔਰਤਾਂ ਦਾ ਮੁਫ਼ਤ ਸਫ਼ਰ ਰਹੇਗਾ ਜਾਰੀ : ਜਿਥੇ ਇੱਕ ਪਾਸੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ ਅਤੇ ਹੁਣ ਬੱਸਾਂ ਦੇ ਕਿਰਾਏ ਵਿੱਚ ਵਾਧਾ ਕੀਤਾ ਗਿਆ ਹੈ ਤਾਂ ਉਥੇ ਹੀ ਔਰਤਾਂ ਲਈ ਰਾਹਤ ਦੀ ਖਬਰ ਵੀ ਹੈ। ਦਰਅਸਲ ਸਰਕਾਰ ਵੱਲੋਂ ਔਰਤਾਂ ਨੂੰ ਦਿੱਤੀ ਜਾਣ ਵਾਲੀ ਮੁਫਤ ਬੱਸ ਯਾਤਰਾ ਦੀ ਸਹੂਲਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਪਹਿਲਾਂ ਵਾਂਗ ਹੀ ਜਾਰੀ ਰਹੇਗਾ।
4000 ਤੋਂ ਵੱਧ ਹਨ ਸਰਕਾਰੀ ਬੱਸਾਂ: ਜ਼ਿਕਰਯੋਗ ਹੈ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਕੋਲ 1200 ਬੱਸਾਂ ਦਾ ਫਲੀਟ ਹੈ। ਇਨ੍ਹਾਂ 'ਚ 40 ਦੇ ਕਰਿਬ ਏਸੀ ਬੱਸਾਂ ਹਨ। ਇਹਨਾਂ ਵਿੱਚੋਂ 20 ਵੋਲਵੋ ਅਤੇ 20 HVAC ਹਨ। ਜਦੋਂਕਿ ਪਨਬੱਸ (PUNBUS) ਅਤੇ ਪੰਜਾਬ ਰੋਡਵੇਜ਼ ਕੋਲ ਕਰੀਬ 1700 ਬੱਸਾਂ ਦਾ ਫਲੀਟ ਹੈ। ਜਿਨ੍ਹਾਂ ਵਿੱਚੋਂ ਸਿਰਫ਼ 50 ਏਸੀ ਬੱਸਾਂ ਚੱਲ ਰਹੀਆਂ ਹਨ। ਪ੍ਰਾਈਵੇਟ ਸੈਕਟਰ ਵਿੱਚ, ਜਿਸ ਵਿੱਚ 6000 ਬੱਸਾਂ ਸ਼ਾਮਲ ਹਨ। ਇਨ੍ਹਾਂ ਵਿੱਚ 100 ਦੇ ਕਰੀਬ ਏਸੀ ਬੱਸਾਂ ਸ਼ਾਮਲ ਹਨ।