ਅੰਮ੍ਰਿਤਸਰ :ਇਹਨੀਂ ਦਿਨੀਂ ਪੰਜਾਬ ਕਤਲੋਗਾਰਤ ਵਿੱਚ ਗਰਕਦਾ ਜਾ ਰਿਹਾ ਹੈ। ਹਰ ਦਿਨ ਕਤਲ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਤਹਿਤ ਅੱਜ ਫਿਰ ਕਤਲ ਦਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਕੱਥੂਨੰਗਲ ਦੇ ਨਾਲ ਲੱਗਦੇ ਪਿੰਡ ਸਰਹਾਲਾ ਤੋਂ, ਜਿਥੇ ਮੌਜੂਦਾ ਨੰਬਰਦਾਰ ਭਗਵੰਤ ਸਿੰਘ ਨੂੰ ਉਸਦੇ ਹੀ ਪਿੰਡ ਦੇ ਰਹਿਣ ਵਾਲੇ ਇੱਕ ਸਾਬਕਾ ਫ਼ੌਜੀ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ। ਮਾਮਲਾ ਬੱਚਿਆਂ ਦੀ ਲੜਾਈ ਦਾ ਦੱਸਿਆ ਜਾ ਰਿਹਾ ਹੈ। ਦਰਅਸਲ ਸਕੂਲ ਦੇ ਵਿੱਚ ਛੋਟੇ ਬੱਚਿਆਂ ਦੀ ਲੜਾਈ ਹੋਈ ਸੀ ਜਿਸ ਤੋਂ ਬਾਅਦ ਨੰਬਰਦਾਰ ਨੂੰ ਇੱਕ ਫੌਜੀ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਬੱਚਿਆਂ ਦੀ ਲੜਾਈ ਪਿੱਛੇ ਵਹਿ ਗਿਆ ਖ਼ੂਨ (Amritsar REPORTER -ETV BHARAT) ਮੁਲਜ਼ਮ ਸਾਬਕਾ ਫੌਜੀ ਕਤਲ ਤੋਂ ਬਾਅਦ ਫਰਾਰ
ਦੱਸਿਆ ਜਾ ਰਿਹਾ ਹੈ ਕਿ ਚਾਰ ਤੋਂ ਪੰਜ ਗੋਲੀਆਂ ਨੰਬਰਦਾਰ ਦੇ ਲੱਗੀਆਂ ਜਿਸ ਨੂੰ ਤੁਰੰਤ ਹੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਭੇਜਿਆ ਗਿਆ ਸੀ ਜਿਥੇ ਉਸ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚ ਕੇ ਪੁਲਿਸ ਵੱਲੋਂ ਪਰਿਵਾਰ ਅਤੇ ਚਸ਼ਮਦੀਦਾਂ ਦੇ ਬਿਆਨ ਲਏ ਗਏ। ਉਥੇ ਹੀ ਮ੍ਰਿਤਕ ਸਰੀਰ ਆਪਣੇ ਕਬਜ਼ੇ ਵਿੱਚ ਲੈ ਕੇ ਉਸ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਪੋਸਟਮਾਰਟਮ ਦੇ ਲਈ ਭੇਜਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਨਾਮਜਦ ਸਾਬਕਾ ਫੌਜੀ ਅਮਨਪ੍ਰੀਤ ਅਤੇ ਉਸ ਦੇ ਪੁੱਤਰ ਅਤੇ ਪਰਿਵਾਰਕ ਮੈਂਬਰਾਂ ਖਿਲਾਫ ਬਣਦੀ ਕਾਰਵਾੲ ਕੀਤੀ ਜਾਵੇਗੀ। ਫਿਲਹਾਲ ਸਾਰੇ ਹੀ ਮੁਲਜ਼ਮ ਫਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਵਿਦੇਸ਼ ਰਹਿੰਦੇ ਸਨ ਮ੍ਰਿਤਕ ਦੇ ਪੁੱਤਰ
ਜ਼ਿਕਰਯੋਗ ਹੈ ਕਿ ਮ੍ਰਿਤਕ ਭਗਵੰਤ ਸਿੰਘ ਦੇ ਭਤੀਜੇ ਨੇ ਦੱਸਿਆ ਕਿ ਉਹਨਾਂ ਦੇ ਦੋ ਪੁੱਤਰ ਹਨ ਅਤੇ ਦੋਵੇਂ ਹੀ ਵਿਦੇਸ਼ ਵਿੱਚ ਰਹਿੰਦੇ ਹਨ। ਭਗਵੰਤ ਸਿੰਘ ਪਿੰਡ ਸਰਹਾਲਾ ਦਾ ਵਸਨੀਕ ਹੈ, ਜਦਕਿ ਕਤਲ ਕਰਨ ਵਾਲਾ ਸਾਬਕਾ ਫੌਜੀ ਅਮਨਪ੍ਰੀਤ ਸਿੰਘ ਨੇੜਲੇ ਪਿੰਡ ਮਾੜੀ ਦਾ ਵਸਨੀਕ ਹੈ ਅਤੇ ਉਸ ਦਾ ਲੜਕਾ ਪਿੰਡ ਸਰਹਾਲਾ ਦੇ ਇੱਕ ਨਿੱਜੀ ਸਕੂਲ ਦਾ ਵਿਦਿਆਰਥੀ ਹੈ। ਜਿਨਾਂ ਦੀ ਲੜਾਈ ਕਾਰਨ ਇਹ ਵਾਰਦਾਤ ਹੋਈ ਹੈ। ਉਥੇ ਹੀ ਪੀੜਤ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸੂਬੇ ਦੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਕਾਨੂੰਨ ਵਿਵਸਥਾ 'ਚ ਸੁਧਾਰ ਕਰਨ ਦੀ ਮੰਗ ਕੀਤੀ ਹੈ।