ਚੰਡੀਗੜ੍ਹ: ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਕੇਂਦਰ ਸਰਕਾਰ ਖਿਲਾਫ਼ ਮੋਰਚਾ ਖੋਲ੍ਹਣ ਦਿੱਲੀ ਜਾ ਰਹੇ ਹਨ। ਇਸ ਵਿਚਾਲੇ ਜਿਥੇ ਹੋਰ ਸੂਬਿਆਂ 'ਚ ਕਿਸਾਨਾਂ ਨੂੰ ਹਿਰਾਸਤ 'ਚ ਲਿਆ ਜਾ ਰਿਹਾ ਜਾਂ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ ਤਾਂ ਉਥੈ ਹੀ ਹਰਿਆਣਾ ਸਰਕਾਰ ਵਲੋਂ ਅਣਮਨੁੱਖੀ ਤਸ਼ੱਦਦ ਕਿਸਾਨਾਂ ਨਾਲ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਕਿਸਾਨਾਂ ਨੂੰ ਬਾਰਡਰਾਂ 'ਤੇ ਰੋਕਣ ਲਈ ਪਹਿਲਾਂ ਕਈ ਲੇਅਰ ਦੀ ਬੈਰੀਕੇਡਿੰਗ ਕੀਤੀ ਗਈ ਤੇ ਜਦੋਂ ਕਿਸਾਨਾਂ ਵਲੋਂ ਉਸ ਬੈਰੀਕੇਡਿੰਗ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹਰਿਆਣਾ ਪੁਲਿਸ ਬਲ ਦਾ ਪ੍ਰਯੋਗ ਕਰ ਰਹੀ ਹੈ। ਜਿਸ 'ਚ ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ ਜਾਂ ਡਰੋਨ ਰਾਹੀ ਸਮੋਕ ਬੰਬ ਸੁੱਟੇ ਜਾ ਰਹੇ ਹਨ। ਇਥੋਂ ਤੱਕ ਕਿ ਰਬੜ ਦੀਆਂ ਗੋਲੀਆਂ ਤੱਕ ਚਲਾਈਆਂ ਗਈਆਂ ਹਨ।
ਐਕਸ਼ਨ ਦੀ ਤਿਆਰੀ 'ਚ ਉਗਰਾਹਾਂ ਜਥੇਬੰਦੀ: ਇਸ ਦੇ ਚੱਲਦੇ ਹਰਿਆਣਾ ਸਰਕਾਰ ਦੀ ਇਸ ਕਾਰਵਾਈ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੀ ਹੁਣ ਅੱਗੇ ਆ ਗਈ ਹੈ। ਜਿਸ ਦੇ ਚੱਲਦੇ ਉਗਰਾਹਾਂ ਜਥੇਬੰਦੀ ਨੇ ਹਰਿਆਣਾ ਸਰਕਾਰ ਦੀ ਕਾਰਵਾਈ ਦੇ ਵਿਰੋਧ 'ਚ ਐਕਸ਼ਨ ਦੀ ਤਿਆਰੀ ਕਰ ਲਈ ਹੈ। ਕਾਬਿਲੇਗੌਰ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪੰਜਾਬ 'ਚ ਚਾਰ ਘੰਟਿਆਂ ਲਈ ਰੇਲਵੇ ਮਾਰਗ ਰੋਕੇ ਜਾਣ ਦਾ ਐਲਾਨ ਕੀਤਾ ਗਿਆ ਹੈ।