ਚੰਡੀਗੜ੍ਹ:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ 28 ਮਹੀਨਿਆਂ ਦੇ ਅਰਸੇ ਦਰਮਿਆਨ 587 ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ। ਭਾਵੇਂ ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2000 ਤੋਂ 2500 ਦੇ ਵਿਚਕਾਰ ਹੋਵੇਗੀ, ਪਰ ਕਈ ਪਰਿਵਾਰ ਸਮਾਜਿਕ ਪਰੇਸ਼ਾਨੀ ਕਾਰਨ ਨਹੀਂ ਦੱਸਦੇ ਅਤੇ ਪੁਲਿਸ ਵੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਐਫਆਈਆਰ ਦਰਜ ਨਾ ਹੋਵੇ। ਅਜਿਹੀ ਸਥਿਤੀ ਵਿੱਚ ਸਿਰਫ ਇੱਕ ਚੌਥਾਈ ਨਸ਼ੇ ਨਾਲ ਮੌਤਾਂ ਸਾਹਮਣੇ ਆਉਂਦੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤੇ ਪ੍ਰਦੇਸ਼ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਕੀਤਾ ਹੈ। ਜਿਨ੍ਹਾਂ ਨੇ ਅੱਜ ਚੰਡੀਗੜ੍ਹ 'ਚ ਇਸ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ।
AAP ਸਰਕਾਰ ਨਸ਼ਿਆਂ ਖਿਲਾਫ਼ ਨਹੀਂ ਗੰਭੀਰ: ਜੋਸ਼ੀ ਨੇ ਆਖਿਆ ਕੀ ਪੰਜਾਬ 'ਚੋਂ ਨਸ਼ਾ ਖਤਮ ਕਰਨ ਦੇ ਚੋਣ ਵਾਅਦੇ ਨਾਲ ਸੱਤਾ 'ਚ ਆਏ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਤਾਂ ਕੀ ਖਤਮ ਕਰਨਾ ਸੀ, ਸਗੋਂ ਉਨ੍ਹਾਂ ਦੇ ਰਾਜ 'ਚ ਨਸ਼ਾ ਹੁਣ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕਾ ਹੈ, ਜਿਸ ਨੇ ਪਿਛਲੇ 20 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਭਗਵੰਤ ਮਾਨ ਦੀ ਨਸ਼ਿਆਂ ਵਿਰੁੱਧ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ 26 ਜੂਨ 2022, 2023 ਅਤੇ 2024 ਨੂੰ ਤਿੰਨ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਆਏ ਸਨ, ਪਰ ਇੱਕ ਵੀ ਵੱਡਾ ਸੂਬਾ ਪੱਧਰੀ ਨਸ਼ਾ ਵਿਰੋਧੀ ਪ੍ਰੋਗਰਾਮ ਨਹੀਂ ਮਨਾਇਆ ਗਿਆ ਅਤੇ ਇੰਨਾ ਹੀ ਨਹੀਂ, ਇਕ ਇਸ਼ਤਿਹਾਰ ਵੀ ਜਾਰੀ ਨਹੀਂ ਕੀਤਾ ਗਿਆ। ਇੰਝ ਲੱਗਦਾ ਹੈ ਕਿ ਹੁਣ ਪੂਰੀ ਆਮ ਆਦਮੀ ਪਾਰਟੀ ਨੂੰ ਨਸ਼ਿਆਂ ਦੀ ਰੋਕਥਾਮ ਲਈ ਸੱਪ ਸੁੰਘ ਗਿਆ ਹੈ।
ਨਸ਼ੇ ਨੇ ਭਿਆਨਕ ਰੂਪ ਧਾਰਨ ਕਰ ਲਿਆ: ਜੋਸ਼ੀ ਨੇ ਤੱਥਾਂ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਕੋਹੜ ਇੰਨਾਂ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ ਕਿ ਨੌਜਵਾਨ ਲੜਕੇ ਹੀ ਨਹੀਂ, ਸਗੋਂ 8 ਤੋਂ 12 ਸਾਲ ਦੇ ਬੱਚੇ, ਲੜਕੀਆਂ ਅਤੇ ਗਰਭਵਤੀ ਔਰਤਾਂ ਵੀ ਇਸ ਦਾ ਵੱਧ ਤੋਂ ਵੱਧ ਸ਼ਿਕਾਰ ਹੋ ਰਹੀਆਂ ਹਨ। ਨੌਜਵਾਨਾਂ ਖਾਸ ਕਰਕੇ ਕੁੜੀਆਂ ਦੇ ਨਸ਼ੇ ਕਰਨ ਦੀਆਂ ਵੀਡੀਓਜ਼ ਹਰ ਰੋਜ਼ ਵਾਇਰਲ ਹੋ ਰਹੀਆਂ ਹਨ। ਅਜਿਹੀਆਂ ਵੀਡੀਓਜ਼ ਪੰਜਾਬ ਦੇ ਅਕਸ ਨੂੰ ਖਰਾਬ ਕਰ ਰਹੀਆਂ ਹਨ। ਨਸ਼ੇ ਦੀ ਲਤ ਲਈ ਨਸ਼ੇੜੀ ਆਪਣੇ ਪਰਿਵਾਰਕ ਮੈਂਬਰਾਂ ਦਾ ਕਤਲ ਕਰ ਰਹੇ ਹਨ ਅਤੇ ਦੁੱਧ ਚੁੰਘਾਉਣ ਵਾਲੇ ਬੱਚਿਆਂ ਨੂੰ ਵੀ ਕੰਧ ਨਾਲ ਪਟਕਾ ਕੇ ਮਾਰ ਰਹੇ ਹਨ। ਨਸ਼ੇ ਕਾਰਨ ਪੂਰੇ ਪਰਿਵਾਰ ਤਬਾਹ ਹੋ ਗਏ ਹਨ ਅਤੇ ਉਨ੍ਹਾਂ ਦੇ ਘਰਾਂ ਨੂੰ ਤਾਲੇ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਇਹ ਉੱਡਦਾ ਪੰਜਾਬ ਦਾ ਭਿਆਨਕ ਦ੍ਰਿਸ਼ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂ ਨਹੀਂ ਦਿਸਦਾ।