ਚੰਡੀਗੜ੍ਹ: ਖਨੌਰੀ ਬਾਰਡਰ ਉੱਤੇ ਵੱਡਾ ਹਾਦਸਾ ਵਾਪਰਿਆ ਹੈ। ਖਨੌਰੀ ਬਾਰਡਰ 'ਤੇ ਗੀਜ਼ਰ ਫਟਣ ਕਾਰਨ ਇੱਕ ਕਿਸਾਨ ਝੁਲਸ ਗਿਆ। ਉਸ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਦੇ ਹੱਥ-ਪੈਰ ਸੜ ਗਏ ਹਨ। ਕਿਸਾਨ ਦੀ ਪਛਾਣ ਗੁਰਦਿਆਲ ਵਜੋਂ ਹੋਈ ਹੈ ਜੋ ਕਿ ਸਮਾਣਾ ਦਾ ਹੀ ਰਹਿਣ ਵਾਲਾ ਹੈ।
ਸ਼ੰਭੂ ਸਰਹੱਦ ਉੱਤੇ ਕਿਸਾਨ ਨੇ ਕੀਤੀ ਖੁਦਕੁਸ਼ੀ
ਉਥੇ ਹੀ ਸ਼ੰਭੂ ਸਰਹੱਦ 'ਤੇ ਚੱਲ ਰਹੇ ਅੰਦੋਲਨ ਦੌਰਾਨ ਇੱਕ ਕਿਸਾਨ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ। ਕਿਸਾਨਾਂ ਅਨੁਸਾਰ ਕਿਸਾਨ ਨੇ ਵੀਰਵਾਰ ਸਵੇਰੇ ਲੰਗਰ ਵਾਲੀ ਥਾਂ ਨੇੜੇ ਸਲਫਾਸ ਖਾ ਲਈ। ਇਸ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਨੂੰ ਤੁਰੰਤ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ। ਇਸ ਤੋਂ ਬਾਅਦ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਕਿਸਾਨ ਰੇਸ਼ਮ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਪਹੂਵਿੰਡ ਦਾ ਰਹਿਣ ਵਾਲਾ ਸੀ।
10 ਨੂੰ ਫੂਕਿਆ ਜਾਵੇਗਾ ਮੋਦੀ ਦਾ ਪੁਤਲਾ, 26 ਨੂੰ ਟਰੈਕਟਰ ਮਾਰਚ
ਕਿਸਾਨ ਆਗੂਆਂ ਵੱਲੋਂ 10 ਜਨਵਰੀ ਨੂੰ ਦੇਸ਼ ਭਰ ਵਿੱਚ ਪਿੰਡ ਪੱਧਰ ’ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤਾਂ ਜੋ ਕੇਂਦਰ ਸਰਕਾਰ ਨੂੰ ਪਤਾ ਲੱਗੇ ਕਿ ਪਿੰਡਾਂ ਦੇ ਲੋਕ ਐਮਐਸਪੀ ਗਰੰਟੀ ਐਕਟ ਦੇ ਮੁੱਦੇ ’ਤੇ ਡੱਲੇਵਾਲ ਦੇ ਸੰਘਰਸ਼ ਨਾਲ ਖੜ੍ਹੇ ਹਨ। 13 ਜਨਵਰੀ ਨੂੰ ਦੇਸ਼ ਭਰ ਵਿੱਚ ਨਵੀਂ ਖੇਤੀ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵਾਂ ਮੋਰਚਿਆਂ ਤੋਂ ਸੰਘਰਸ਼ ਦੀ ਅਗਲੀ ਰਣਨੀਤੀ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
ਡੱਲੇਵਾਲ ਦੀ ਹਾਲਤ ਨਾਜ਼ੁਕ
ਦੱਸ ਦੇਈਏ ਕਿ ਖਨੌਰੀ ਬਾਰਡਰ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਅਤੇ ਹੋਰ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੋਰ ਵਿਗੜਦੀ ਜਾ ਰਹੀ ਹੈ। ਡੱਲੇਵਾਲ ਦੀ ਸਿਹਤ ਕਾਫੀ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਗੱਲ ਕਰਨ ਤੋਂ ਅਸਮਰੱਥ ਦੱਸੇ ਜਾਂਦੇ ਹਨ। ਹਾਲਾਂਕਿ ਇਸ ਦੇ ਬਾਵਜੂਦ ਉਸ ਨੇ ਡਾਕਟਰੀ ਦੇਖਭਾਲ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਕੀ ਹਨ ਕਿਸਾਨਾਂ ਦੀਆਂ ਮੰਗਾਂ?
ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਤੋਂ ਇਲਾਵਾ, ਕਿਸਾਨ ਕਰਜ਼ਾ ਮੁਆਫੀ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਬਿਜਲੀ ਦਰਾਂ ਵਿੱਚ ਕੋਈ ਵਾਧਾ ਨਾ ਕਰਨ, ਪੁਲਿਸ ਕੇਸ ਵਾਪਸ ਲੈਣ ਅਤੇ 2021 ਦੇ ਲਖੀਮਪੁਰ ਖੇੜੀ ਹਿੰਸਾ ਦੇ ਪੀੜਤਾਂ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਭੂਮੀ ਗ੍ਰਹਿਣ ਐਕਟ, 2013 ਨੂੰ ਬਹਾਲ ਕਰਨਾ ਅਤੇ 2020-21 ਵਿੱਚ ਪਿਛਲੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਵੀ ਉਨ੍ਹਾਂ ਦੀਆਂ ਮੰਗਾਂ ਦਾ ਹਿੱਸਾ ਹਨ।