ਬਠਿੰਡਾ: ਜ਼ਿਲ੍ਹੇ ਦੇ ਕਸਬਾ ਰਾਮਪੁਰਾ ਫੂਲ ਨੇੜਲੇ ਪਿੰਡ ਬਦਿਆਲਾ ਵਿੱਚ ਬੇਰਹਿਮੀ ਨਾਲ ਕੀਤੇ ਗਏ ਪਤੀ-ਪਤਨੀ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਪੁਲਿਸ ਨੇ ਮਾਮਲੇ ਵਿੱਚ ਮ੍ਰਿਤਕ ਦੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਇਹ ਕਤਲ ਕੀਤੇ ਸਨ।
ਜ਼ਮੀਨੀ ਵਿਵਾਦ ਕਾਰਨ ਕੀਤੇ ਸਨ ਕਤਲ
ਐੱਸਐੱਸਪੀ ਬਠਿੰਡਾ ਅਮਨੀਤ ਕੋਂਡਲ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਬਦਿਆਲਾ ਦੇ ਵਿੱਚ ਰਹਿੰਦੇ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦੀ ਸੂਚਨਾ ਮਿਲੀ ਸੀ। ਇਸ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਮੌਕੇ ਉੱਤੇ ਪਹੁੰਚੀਆਂ ਸਨ, ਜਿਨ੍ਹਾਂ ਨੇ ਵੱਖ-ਵੱਖ ਪਹਿਲੂਆਂ ਉੱਤੇ ਜਾਂਚ ਕੀਤੀ। ਇਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਗਿਆਸ ਸਿੰਘ ਅਤੇ ਉਸ ਦੀ ਪਤਨੀ ਅਮਰਜੀਤ ਕੌਰ ਦਾ ਕਤਲ ਵਿਕਰਮ ਸਿੰਘ ਨੇ ਕੀਤਾ ਹੈ। ਮੁਲਜ਼ਮ ਵਿਕਰਮ ਸਿੰਘ ਮ੍ਰਿਤਕ ਗਿਆਸ ਸਿੰਘ ਦਾ ਸਕਾ ਭਰਾ ਹੈ। ਮੁਲਜ਼ਮ ਨੇ ਇਸ ਘਟਨਾ ਨੂੰ ਜ਼ਮੀਨੀ ਵਿਵਾਦ ਦੇ ਚੱਲਦਿਆਂ ਅੰਜਾਮ ਦਿੱਤਾ, ਕਿਉਂਕਿ ਵਿਕਰਮ ਸਿੰਘ ਨੂੰ ਲੱਗਦਾ ਸੀ ਕਿ ਗਿਆਸ ਸਿੰਘ ਨੇ ਸੜਕ ਨਾਲ ਲੱਗਦੀ ਜ਼ਮੀਨ ਉੱਤੇ ਧੱਕੇ ਨਾਲ ਕਬਜ਼ਾ ਕੀਤੀ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਦੋਵਾਂ ਭਰਾਵਾਂ ਵਿੱਚ ਝੜਪ ਹੋਈ ਸੀ।
ਪੁਲਿਸ ਨੇ ਮੁਲਜ਼ਮ ਕੀਤਾ ਕਾਬੂ
ਬੀਤੇ ਦਿਨੀ ਜਦੋਂ ਗਿਆਸ ਸਿੰਘ ਦੁੱਧ ਲੈਣ ਗਿਆ ਤਾਂ ਵਿਕਰਮ ਸਿੰਘ ਉਸ ਦੇ ਘਰ ਜਾ ਕੇ ਪਹਿਲਾਂ ਉਸਦੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਫਿਰ ਦੁੱਧ ਲੈ ਕੇ ਪਰਤੇ ਗਿਆਸ ਸਿੰਘ ਦਾ ਤੇਜ਼ਦਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪੁਲਿਸ ਵੱਲੋਂ ਮੁਢਲੀ ਤਫਤੀਸ਼ ਦੌਰਾਨ ਵਿਕਰਮ ਸਿੰਘ ਤੋਂ ਜਦੋਂ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਪੁਸ਼ਟੀ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ।