ਬਰਨਾਲਾ:ਵਿਧਾਨ ਸਭਾ ਜ਼ਿਮਨੀ ਚੋਣ ਬਰਨਾਲਾ ਲਈ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਹੁਲਾਰਾ ਮਿਲਿਆ ਹੈ ਅਤੇ ਇੱਥੇ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਬਰਨਾਲਾ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਥੋਂ ਭਾਜਪਾ ਦੇ ਉਮੀਦਵਾਰ ਧੀਰਜ ਕੁਮਾਰ ਦਦਾਹੂਰ ਸੋਮਵਾਰ ਨੂੰ ‘ਆਪ’ ਵਿੱਚ ਸ਼ਾਮਲ ਹੋ ਗਏ।
ਭਾਜਪਾ ਆਗੂ ਆਪ 'ਚ ਸ਼ਾਮਲ
ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਹਾਜ਼ਰੀ ਵਿੱਚ ਉਨ੍ਹਾਂ ਨੂੰ ਰਸਮੀ ਤੌਰ 'ਤੇ ਪਾਰਟੀ 'ਚ ਸ਼ਾਮਲ ਕਰਵਾਇਆ ਅਤੇ ਸਵਾਗਤ ਕੀਤਾ। ਦੱਸ ਦਈਏ ਕਿ ਧੀਰਜ ਦਦਾਹੂਰ 26 ਸਾਲ ਤੱਕ ਭਾਜਪਾ ਵਿੱਚ ਰਹੇ। ਉਹ 1988 ਤੋਂ ਆਰਐਸਐਸ ਨਾਲ ਵੀ ਜੁੜੇ ਹੋਏ ਸਨ। ਉਹ ਭਾਜਪਾ ਦੇ ਬਰਨਾਲਾ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ। ਉਹ ਇਲਾਕੇ ਦਾ ਨਾਮਵਰ ਕਮਿਸ਼ਨ ਏਜੰਟ ਅਤੇ ਰਾਈਸ ਸ਼ੈਲਰ ਹਨ ਅਤੇ ਕਮਿਸ਼ਨ ਏਜੰਟ ਐਸੋਸੀਏਸ਼ਨ ਬਰਨਾਲਾ ਦੇ ਚੁਣੇ ਹੋਏ ਪ੍ਰਧਾਨ ਰਹਿ ਚੁੱਕੇ ਹਨ। ਉਹ ਪੰਜਾਬ ਵਿੱਚ ਭਾਜਪਾ ਦੇ ਕਈ ਵਿਧਾਨ ਸਭਾ ਅਤੇ ਲੋਕ ਸਭਾ ਹਲਕਿਆਂ ਦੇ ਇੰਚਾਰਜ ਵੀ ਰਹਿ ਚੁੱਕੇ ਹਨ।