ਕੇਵਲ ਢਿੱਲੋਂ ਨੇ ਪਰਿਵਾਰ ਸਮੇਤ ਪਾਈ ਵੋਟ (Etv Bharat Barnala) ਬਰਨਾਲਾ: ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਸੂਬੇ ਭਰ ਵਿੱਚ ਜਾਰੀ ਹੈ। ਲੋਕ ਸਭਾ ਹਲਕਾ ਸੰਗਰੂਰ ਅਧੀਨ ਪੈਂਦੇ ਬਰਨਾਲਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਵਿਖੇ ਸਵੇਰ ਤੋਂ ਵੋਟਾਂ ਪਾਉਣ ਲਈ ਲੋਕ ਪੋਲਿੰਗ ਬੂਥਾਂ ਉੱਪਰ ਆ ਰਹੇ ਹਨ। ਬਰਨਾਲਾ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਦੁਪਹਿਰ ਦੇ 1 ਵਜੇ ਤੱਕ 39 ਫ਼ੀਸਦੀ ਵੋਟ ਪੋਲ ਹੋਈ ਹੈ। ਦੁਪਹਿਰ ਸਮੇਂ ਭਾਜਪਾ ਦੇ ਸੂਬਾ ਕੋਰ ਕਮੇਟੀ ਮੈਂਬਰ ਅਤੇ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਆਪਣੀ ਪਤਨੀ ਮਨਜੀਤ ਕੌਰ ਨਾਲ ਵੋਟ ਪਾਉਣ ਪੁੱਜੇ। ਇਸ ਮੌਕੇ ਉਨ੍ਹਾਂ ਭਾਜਪਾ ਦੀ ਜਿੱਤ ਦਾ ਦਾਅਵਾ ਵੀ ਕੀਤਾ।
ਸੂਬੇ ਦੇ ਲੋਕਾਂ ਵਿੱਚ ਉਤਸ਼ਾਹ ਦਿਖਿਆ: ਇਸ ਮੌਕੇ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਰਤ ਇੱਕ ਲੋਕਤੰਤਰ ਦੇਸ਼ ਹੈ ਅਤੇ ਵੋਟ ਪਾਉਣਾ ਸਭ ਦਾ ਅਧਿਕਾਰ ਹੈ। ਸਾਨੂੰ ਸਭ ਨੂੰ ਇਸਦੀ ਵਰਤੋਂ ਕਰਨੀ ਚਾਹੀਦੀ ਹੈ। ਉਹ ਵੀ ਆਪਣੀ ਪਤਨੀ ਨਾਲ ਰਾਸ਼ਟਰ ਹਿੱਤ ਵਿੱਚ ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਪਾਉਣ ਪੁੱਜੇ ਹਨ। ਕੇਵਲ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਲਈ ਸੂਬੇ ਪਰ ਵਿੱਚ ਚੋੋਣ ਪ੍ਰਚਾਰ ਕੀਤਾ ਹੈ। ਭਾਜਪਾ ਲਈ ਸਮੁੱਚੇ ਸੂਬੇ ਦੇ ਲੋਕਾਂ ਵਿੱਚ ਉਤਸ਼ਾਹ ਦਿਖਿਆ ਹੈ। ਭਾਜਪਾ ਲਈ ਅੰਡਰ ਕਰੰਟ ਲੋਕ ਪੂਰੇ ਜੋਸ਼ ਨਾਲ ਭਾਜਪਾ ਨੂੰ ਰਾਸ਼ਟਰਹਿੱਤ ਵਿੱਚ ਵੋਟ ਪਾਉਣਗੇ।
ਭਾਜਪਾ ਦੀ ਸਰਕਾਰ ਜ਼ਰੂਰੀ: ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੋਣ ਨਤੀਜੇ ਸਰਪ੍ਰਾਈਜ਼ ਕਰਨ ਵਾਲੇ ਹੋਣਗੇ। ਕਈ ਸੀਟਾਂ ਭਾਜਪਾ ਇੱਥੋਂ ਜਿੱਤ ਦਰਜ਼ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਆਰਥਿਕ, ਇੰਡਸਟਰੀ, ਰੁਜ਼ਗਾਰ ਅਤੇ ਹੋਰ ਕਈ ਮਾਮਲਿਆਂ ਵਿੱਚ ਪਿੱਛੇ ਚਲਿਆ ਗਿਆ ਹੈ। ਜਿਸ ਕਰਕੇ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਲਈ ਭਾਜਪਾ ਦੀ ਜਿੱਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ ਅਤੇ ਨਸ਼ੇ ਨੇ ਸਾਡੀ ਨੌਜਵਾਨੀ ਦਾ ਵੱਡਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਭ ਦੇ ਹੱਲ ਲਈ ਭਾਜਪਾ ਦੀ ਸਰਕਾਰ ਜ਼ਰੂਰੀ ਹੈ।
ਪ੍ਰਸ਼ਸ਼ਾਨ ਵਲੋਂ ਕੀਤੇ ਗਏ ਸ਼ਾਨਦਾਰ ਪ੍ਰਬੰਧ:ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ। ਬਜੁ਼ਰਗਾਂ ਅਤੇ ਅੰਗਹੀਣਾਂ ਲਈ ਵੀਹਲਚੇਅਰ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਵਿਸ਼ੇ਼ਸ ਵਾਲੰਟੀਅਰ ਇਸ ਵਾਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਉੱਥੇ ਗਰਮੀ ਦੇ ਮੱਦੇਨਜ਼ਰ ਠੰਢੇ ਪਾਣੀ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਹਨ। ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਡੀਸੀ ਬਰਨਾਲਾ ਪੂਨਮਦੀਪ ਕੌਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ।
ਦੁਪਹਿਰ ਸਮੇਂ ਵੋਟਿੰਗ ਪ੍ਰਕਿਰਿਆ ਹੋਈ ਹੌਲੀ: ਸਵੇਰ ਸਮੇਂ ਵੋਟਾਂ ਦਾ ਰੁਝਾਨ ਬੜੀ ਤੇਜ਼ੀ ਨਾਲ ਚੱਲਿਆ। ਪਰ ਦੁਪਹਿਰ ਸਮੇਂ ਗਰਮੀ ਵਧਣ ਕਰਕੇ ਵੋਟਿੰਗ ਪ੍ਰਕਿਰਿਆ ਹੋਲੀ ਹੋ ਗਈ ਹੈ। ਵੋਟਰ ਘਰਾਂ ਵਿੱਚ ਨਿਕਲਣੇ ਬੰਦ ਹੋ ਗਏ ਹਨ। ਜਿਸ ਕਰਕੇ ਪੋਲਿੰਗ ਬੂਥ ਖਾਲੀ ਦਿਖਾਈ ਦੇ ਰਹੇ ਹਨ।