ਖਡੂਰ ਸਾਹਿਬ ਲੋਕ ਸਭਾ ਹਲਕਾ (ETV BHARAT) ਤਰਨ ਤਾਰਨ:ਲੋਕ ਸਭਾ ਚੋਣਾਂ ਦੇ ਚੱਲਦੇ ਸੱਤਵੇਂ ਪੜਾਅ ਦੀ ਵੋਟਿੰਗ ਹੋ ਰਹੀ ਹੈ ਤੇ ਸਿਆਸੀ ਲੀਡਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ 'ਚ ਕੈਦ ਹੋ ਰਹੀ ਹੈ। ਜਿਸ ਤੋਂ ਬਾਅਦ ਚਾਰ ਜੂਨ ਨੂੰ ਨਤੀਜੇ ਆਉਣ ਤੋਂ ਬਾਅਦ ਪਤਾ ਚੱਲੇਗਾ ਕਿ ਕੁਰਸੀ 'ਤੇ ਕੌਣ ਕਾਬਜ਼ ਹੁੰਦਾ ਹੈ। ਇਸ ਦੌਰਾਨ ਕਈ ਥਾਵਾਂ 'ਤੇ ਹਲਕੀ ਤਕਰਾਰ ਦੇਖਣ ਨੂੰ ਮਿਲ ਰਹੀ ਹੈ। ਜਿਸ ਦੇ ਚੱਲਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਖੱਬੇ ਡੋਗਰਾ 'ਚ ਵੀ ਅਜਿਹਾ ਕੁਝ ਦੇਖਣ ਨੂੰ ਮਿਲਿਆ।
ਭਾਜਪਾ ਦਾ ਚੋਣ ਬੂਥ ਤੋੜਿਆ: ਇਸ ਸਬੰਧੀ ਜਾਣਕਾਰੀ ਅਨੁਸਰ ਪਿੰਡ ਦੇ ਹੀ ਇੱਕ ਵਿਅਕਤੀ ਵਲੋਂ ਭਾਜਪਾ ਦਾ ਚੋਣ ਬੂਥ ਲਗਾਇਆ ਹੋਇਆ ਸੀ ਤਾਂ ਕੁਝ ਅਣਪਛਾਤੇ ਬੰਦਿਆਂ ਵਲੋਂ ਉਸ ਦਾ ਚੋਣ ਬੂਥ ਤੋੜ ਦਿੱਤਾ ਗਿਆ ਤੇ ਨਾਲ ਹੀ ਉਸ ਨੂੰ ਸੱਟਾਂ ਤੱਕ ਮਾਰ ਦਿੱਤੀਆਂ। ਇਸ ਤੋਂ ਬਾਅਦ ਜਦੋਂ ਉਸ ਨੇ ਆਪਣੇ ਘਰ 'ਚ ਬੂਥ ਲਾਉੇਣਾ ਚਾਹਿਆ ਤਾਂ ਉਥੇ ਵੀ ਉਨ੍ਹਾਂ ਬੂਥ ਨਹੀਂ ਲੱਗਣ ਦਿੱਤਾ। ਜਿਸ ਤੋਂ ਬਾਅਦ ਤੁਰੰਤ ਮੌਕੇ 'ਤੇ ਤਰਨ ਤਾਰਨ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਮੌਕੇ 'ਤੇ ਪੁੱਜੇ। ਜਿੰਨ੍ਹਾਂ ਵਲੋਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ।
ਭਾਜਪਾ ਆਗੂ ਤੇ ਵਰਕਰਾਂ 'ਚ ਰੋਸ: ਇਸ ਸਬੰਧੀ ਭਾਜਪਾ ਜ਼ਿਲ੍ਹਾ ਪ੍ਰਧਾਨ ਤੇ ਵਰਕਰਾਂ ਦਾ ਕਹਿਣਾ ਸੀ ਕਿ ਲੋਕਾਂ ਵਲੋਂ ਉਨ੍ਹਾਂ ਨਾਲ ਧੱਕਾ ਕੀਤਾ ਗਿਆ ਹੈ ਤੇ ਪਾਰਟੀ ਦਾ ਬੂਥ ਲਾਉਣ ਤੋਂ ਰੋਕਿਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਘਰ 'ਚ ਬੂਥ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਥੇ ਵੀ ਉਨ੍ਹਾਂ ਨੇ ਟੈਂਟ ਪਾੜ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਅਣਪਛਾਤਿਆਂ ਵਲੋਂ ਭਾਜਪਾ ਵਰਕਰ ਨਾਲ ਕੁੱਟਮਾਰ ਤੱਕ ਕੀਤੀ ਗਈ। ਜਿਸ ਨੂੰ ਲੈਕੇ ਉਨ੍ਹਾਂ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਨੇ ਆਖੀ ਕਾਰਵਾਈ ਦੀ ਗੱਲ: ਉਥੇ ਹੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੇ ਐਸਐਸਪੀ ਅਸ਼ਵਨੀ ਕੁਮਾਰ ਨੇ ਮਾਮਲਾ ਸ਼ਾਂਤ ਕਰਵਾ ਕੇ ਚੋਣ ਬੂਥ ਤੋੜ ਕੇ ਆਪਣੇ ਨਾਲ ਲਿਜਾਉਣ ਵਾਲੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਦੱਸਿਆ ਕਿ ਤਰਨ ਤਾਰਨ 'ਚ ਇੱਕ ਦੋ ਥਾਵਾਂ ਨੂੰ ਛੱਡ ਕੇ ਬਾਕੀ ਸਭ ਜਗ੍ਹਾ ਸ਼ਾਂਤਮਈ ਵੋਟਿੰਗ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਦਾ ਚੋਣ ਬੂਥ ਤੋੜਨ ਦੀ ਜਾਣਕਾਰੀ ਮਿਲੀ ਸੀ, ਜਿਸ 'ਤੇ ਉਹ ਕਾਰਵਾਈ ਕਰ ਰਹੇ ਹਨ।