ਬਠਿੰਡਾ : ਨਸ਼ਿਆਂ ਖਿਲਾਫ ਸਖਤ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਤੜਕੇ ਹੀ ਆਪਣੇ ਹੀ ਅਧਿਕਾਰੀ ਦੇ ਘਰ ਵਿੱਚ ਵੀ ਛਾਪੇਮਾਰੀ ਕੀਤੀ ਗਈ। ਭਾਰੀ ਪੁਲਿਸ ਬਲ ਅਤੇ ਐਸਟੀਐਫ ਦੀਆਂ ਟੀਮਾਂ ਨੇ ਬਠਿੰਡਾ ਅਤੇ ਮੌੜ ਮੰਡੀ ਵਿਖੇ ਡਰੱਗ ਇੰਸਪੈਕਟਰ ਦੇ ਘਰਾਂ 'ਤੇ ਰੇਡ ਕੀਤੀ। ਇਹ ਰੇਡ ਤੜਕੇ 6 ਵਜੇ ਮੌੜ ਮੰਡੀ ਅਤੇ ਬਠਿੰਡਾ ਵਿਖੇ ਡਰੱਗ ਇੰਸਪੈਕਟਰ ਸ਼ਿਸ਼ਾਨ ਮਿੱਤਲ ਦੇ ਘਰ ਕੀਤੀ ਗਈ । ਇਸ ਦੀ ਅਗਵਾਈ ਦੋ ਵੱਖ ਵੱਖ ਡੀਐਸਪੀ ਤਜਿੰਦਰ ਪਾਲ ਸਿੰਘ ਅਤੇ ਬਠਿੰਡਾ ਵਿਖੇ ਡੀਐਸਪੀ ਪਰਮਜੀਤ ਸਿੰਘ ਡੋਰ ਵੱਲੋਂ ਕੀਤੀ ਗਈ।
ਮਿਲੀ ਜਾਣਕਾਰੀ ਮੁਤਾਬਿਕ ਡਰੱਗ ਇੰਸਪੈਕਟਰ ਨੇ ਨਸ਼ਾ ਤਸਕਰਾਂ ਨਾਲ ਮਿਲ ਕੇ ਬੇਨਾਮੀ ਜਾਇਦਾਦ ਬਣਾਈ ਹੈ, ਇਸ ਸ਼ਿਕਾਇਤ ਦੇ ਅਧਾਰ 'ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਜਦੋਂ ਤੋਂ ਸ਼ਿਸ਼ਾਨ ਮਿੱਤਲ ਦਾ ਨਾਮ ਨਸ਼ਾ ਤਸਕਰਾਂ ਨਾਲ ਜੁੜਿਆ ਹੈ ਉਦੋਂ ਤੋਂ ਹੀ ਉਹ ਛੁੱਟੀ 'ਤੇ ਚੱਲ ਰਹੇ ਹਨ। ਹੁਣ ਪੁਲਿਸ ਵੱਲੋਂ ਉਹਨਾਂ ਦੇ ਖਾਤਿਆਂ ਦੀ ਜਾਂਚ ਕੀਤੀ ਜਾਵੇਗੀ।