ਅੰਮ੍ਰਿਤਸਰ/ ਚੰਡੀਗੜ੍ਹ :ਪੰਜਾਬ ਦੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਬਾਗੀ ਲੀਡਰ ਅਤੇ SGPC ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਲਈ ਹੁਕਮ ਜਾਰੀ ਹੋਏ ਹਨ। ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਨੋਟਿਸ ਲਿਖਤੀ ਰੂਪ ਵਿੱਚ ਬੀਬੀ ਜਗੀਰ ਕੌਰ ਖਿਲਾਫ਼ ਆ ਰਹੀਆਂ ਸ਼ਿਕਾਇਤਾਂ ਖਿਲਾਫ਼ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਬੀਬੀ ਜਗੀਰ ਕੌਰ ਖ਼ਿਲਾਫ ਆਪਣੀ ਧੀ ਨੂੰ ਕਤਲ ਕਰਨ ਅਤੇ ਨਾਲ ਹੀ ਆਪਣੇ ਰੋਮਾਂ ਦੀ ਬੇਅਦਬੀ ਕਰਨ ਦੇ ਦੋਸ਼ ਲੱਗੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੀਬੀ ਜਗੀਰ ਕੌਰ ਨੂੰ ਕੀਤਾ ਤਲਬ (ETV BHARAT CANVA) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬੀਬੀ ਜਗੀਰ ਕੌਰ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਪੇਸ਼ ਹੋ ਕੇ ਇਸ ਸਬੰਧ ਵਿੱਚ ਲਿਖਤੀ ਰੂਪ ਦੇ ਵਿੱਚ ਸਪੱਸ਼ਟੀਕਰਨ ਦੇਣ ਬਾਰੇ ਨੋਟਿਸ ਜਾਰੀ ਕੀਤਾ ਹੈ।
ਲਿਖਤੀ ਸ਼ਿਕਾਇਤਾਂ 'ਤੇ ਕਾਰਵਾਈ
ਜ਼ਿਕਰਯੋਗ ਹੈ ਕਿ ਬੀਤੇ ਲੰਮੇਂ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੀਬੀ ਜਗੀਰ ਕੌਰ ਖਿਲਾਫ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਬੀਬੀ ਜਗੀਰ ਕੌਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਹਾਲਾਂਕਿ ਬੀਬੀ ਜਗੀਰ ਕੌਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਧੀ ਦੇ ਕਤਲ ਦੇ ਕੇਸ ਵਿੱਚੋਂ ਬਰੀ ਕੀਤਾ ਜਾ ਚੁੱਕਾ ਹੈ ਪਰ ਇਸ ਸਬੰਧੀ ਧਾਰਮਿਕ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ।
ਰੋਮਾਂ ਦੀ ਬੇਅਦਬੀ
ਇੰਨਾ ਹੀ ਨਹੀਂ ਬੀਬੀ ਜਗੀਰ ਕੌਰ ਉਤੇ ਰੋਮਾਂ (ਸਿੱਖ ਮਰਿਆਦਾ ਖਿਲਾਫ ਚੱਲਣ ਕੇਸ ਕਤਲ ਕਰਨਾ) ਦੀ ਬੇਅਦਬੀ ਕਰਨ ਦੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ। ਦੱਸਣਯੋਗ ਹੈ ਕਿ ਬੀਬੀ ਜਗੀਰ ਕੌਰ ਇੱਕ ਅੰਮ੍ਰਿਤਧਾਰੀ ਸਿੱਖ ਮਹਿਲਾ ਹਨ। ਅੰਮ੍ਰਿਤਧਾਰੀ ਹੋਣ ਦੇ ਚੱਲਦਿਆਂ ਔਰਤਾਂ ਨੂੰ ਜਾਂ ਮਰਦਾਂ ਨੂੰ ਕੇਸ ਕਤਲ ਕਰਵਾਉਣ ਤੋਂ ਸਖ਼ਤ ਮਨਾਹੀ ਹੁੰਦੀ ਹੈ।