ਪੰਜਾਬ

punjab

ETV Bharat / state

ਮਾਣ ਵਾਲੀ ਗੱਲ...ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਅਤੇ ਓਂਕਾਰ ਪਾਹਵਾ ਨੂੰ ਪਦਸ੍ਰੀ ਨਾਲ ਕੀਤਾ ਜਾਵੇਗਾ ਸਨਮਾਨਿਤ - HONORED WITH PADMA SHRI

ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਕਲਾ ਲਈ ਤਾਂ ਏਵਨ ਸਾਈਕਲ ਦੇ ਓਂਕਾਰ ਪਾਹਵਾ ਨੂੰ ਉਦਯੋਗਿਕ ਖੇਤਰ ਵਿੱਚ ਬੇਮਿਸਾਲ ਯੋਗਦਾਨ ਲਈ ਪਦਸ੍ਰੀ ਦਿੱਤਾ ਜਾਵੇਗਾ।

ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਅਤੇ ਓਮਕਾਰ ਸਿੰਘ ਪਾਹਵਾ ਪਦਮ ਸ਼੍ਰੀ ਨਾਲ ਸਨਮਾਨਿਤ
ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਅਤੇ ਓਮਕਾਰ ਸਿੰਘ ਪਾਹਵਾ ਪਦਮ ਸ਼੍ਰੀ ਨਾਲ ਸਨਮਾਨਿਤ (Etv Bharat)

By ETV Bharat Punjabi Team

Published : Jan 26, 2025, 7:03 AM IST

ਚੰਡੀਗੜ੍ਹ: ਇਸ ਸਾਲ ਸਰਕਾਰ ਵੱਲੋਂ ਐਲਾਨੇ ਗਏ ਵੱਕਾਰੀ ਪਦਮ ਪੁਰਸਕਾਰਾਂ ਵਿੱਚ ਪੰਜਾਬ ਦੇ ਦੋ ਦਿੱਗਜਾਂ ਨੂੰ ਸ਼ਾਮਲ ਕੀਤਾ ਗਿਆ ਹੈ। ਗੁਰਬਾਣੀ ਕੀਰਤਨ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਅਤੇ ਉਦਯੋਗ ਅਤੇ ਸਮਾਜ ਭਲਾਈ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੇ ਓਂਕਾਰ ਸਿੰਘ ਪਾਹਵਾ ਨੂੰ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਦੋਵੇਂ ਚਿਹਰੇ ਸੂਬੇ ਦੇ ਲੁਧਿਆਣਾ ਨਾਲ ਸਬੰਧਤ ਹਨ।

ਬੀਤੀ ਰਾਤ ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਰਾਸ਼ਟਰਪਤੀ ਨੇ 2025 ਲਈ ਕੁੱਲ 139 ਪਦਮ ਪੁਰਸਕਾਰਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚ 7 ​​ਪਦਮ ਵਿਭੂਸ਼ਣ, 19 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਪੁਰਸਕਾਰ ਸ਼ਾਮਲ ਹਨ। ਇਸ ਸਾਲ ਦੀ ਸੂਚੀ ਵਿੱਚ 23 ਔਰਤਾਂ, 10 ਵਿਦੇਸ਼ੀ/ਐਨਆਰਆਈ/ਪੀਆਈਓ/ਓਸੀਆਈ ਸ਼੍ਰੇਣੀ ਦੇ ਲੋਕ ਅਤੇ 13 ਮਰਨ ਉਪਰੰਤ ਪੁਰਸਕਾਰ ਸ਼ਾਮਲ ਹਨ। ਇਸ ਤੋਂ ਇਲਾਵਾ, ਇਸ ਸੂਚੀ ਵਿੱਚ ਇੱਕ ਜੋੜਾ ਕੇਸ ਵੀ ਹੈ, ਜਿਸ ਨੂੰ ਇੱਕ ਪੁਰਸਕਾਰ ਵਜੋਂ ਗਿਣਿਆ ਗਿਆ ਹੈ।

ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ

ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਸਿੱਖ ਧਰਮ ਦੀ ਗੁਰਬਾਣੀ ਕੀਰਤਨ ਪਰੰਪਰਾ ਦਾ ਮੁੱਖ ਥੰਮ੍ਹ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਭਾਵਪੂਰਤ ਅਤੇ ਸੁਰੀਲੇ ਕੀਰਤਨ ਰਾਹੀਂ ਗੁਰਬਾਣੀ ਅਤੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਜੀਵਤ ਕੀਤਾ ਹੈ। ਉਨ੍ਹਾਂ ਦਾ ਜਨਮ 1958 ਵਿੱਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਲਦਵਾਲ ਵਿੱਚ ਹੋਇਆ।

ਪਦਮਸ਼੍ਰੀ ਪੁਰਸਕਾਰ ਜੇਤੂ (ਸਕ੍ਰੀਨਸ਼ਾਟ)

ਉਨ੍ਹਾਂ ਦੇ ਪਿਤਾ ਵੀ ਰਾਗੀ ਸਨ ਅਤੇ ਉਨ੍ਹਾਂ ਦੇ ਛੋਟੇ ਭਰਾ ਭਾਈ ਮਨਿੰਦਰ ਸਿੰਘ ਸ੍ਰੀਨਗਰ ਵਾਲੇ ਵੀ ਇੱਕ ਪ੍ਰਸਿੱਧ ਰਾਗੀ ਹਨ। ਭਾਈ ਹਰਜਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਵਿੱਦਿਆ ਪ੍ਰਾਪਤ ਕੀਤੀ ਹੈ। 1980 ਦੇ ਦਹਾਕੇ ਵਿੱਚ, ਉਨ੍ਹਾਂ ਨੇ ਗੁਰਬਾਣੀ ਕੀਰਤਨ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ ਅਤੇ ਜੰਮੂ-ਕਸ਼ਮੀਰ ਦੇ ਸ੍ਰੀਨਗਰ ਖੇਤਰ ਵਿੱਚ ਇੱਕ ਗੁਰਦੁਆਰੇ ਵਿੱਚ ਕੀਰਤਨ ਕਰਨਾ ਸ਼ੁਰੂ ਕੀਤਾ।

1983 ਵਿੱਚ ਉਹ ਲੁਧਿਆਣਾ ਚਲੇ ਗਏ ਅਤੇ ਕੁਝ ਸਮਾਂ ਸਥਾਨਕ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਕਰਦੇ ਰਹੇ। ਇਸ ਸਮੇਂ ਉਹ ਲੁਧਿਆਣਾ ਵਿੱਚ ਰਹਿ ਰਹੇ ਹਨ। ਉਹ ਸ੍ਰੀਨਗਰ ਤੋਂ ਆਏ ਸੀ, ਇਸ ਲਈ ਉਨ੍ਹਾਂ ਦੇ ਨਾਂ ਨਾਲ 'ਸ੍ਰੀਨਗਰ ਵਾਲੇ' ਜੋੜ ਦਿੱਤਾ ਗਿਆ ਤਾਂ ਜੋ ਉਨ੍ਹਾਂ ਦੀ ਪਛਾਣ ਵੱਖਰੀ ਹੋ ਸਕੇ। ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੇ 100 ਤੋਂ ਵੱਧ ਐਲਬਮਾਂ ਰਿਲੀਜ਼ ਕੀਤੀਆਂ ਹਨ ਅਤੇ 650 ਤੋਂ ਵੱਧ ਗੁਰਬਾਣੀ ਸ਼ਬਦ ਰਿਕਾਰਡ ਕੀਤੇ ਹਨ। ਉਨ੍ਹਾਂ ਦੀਆਂ ਐਲਬਮਾਂ 'ਗੱਲਾਂ ਜੋਗ ਨਾ ਹੋਇ' ਅਤੇ 'ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ' ਸਾਹਿਬਜ਼ਾਦਿਆਂ 'ਤੇ ਆਧਾਰਿਤ ਉਨ੍ਹਾਂ ਦੀਆਂ ਪ੍ਰਸਿੱਧ ਗੁਰਬਾਣੀ ਸ਼ਬਦਾਂ ਵਿੱਚੋਂ ਇੱਕ ਹਨ।

ਓਂਕਾਰ ਸਿੰਘ ਪਾਹਵਾ

ਓਂਕਾਰ ਸਿੰਘ ਪਾਹਵਾ, ਜੋ ਏਵਨ ਸਾਈਕਲਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਹਨ। ਉਨ੍ਹਾਂ ਨੇ ਭਾਰਤੀ ਸਾਈਕਲ ਉਦਯੋਗ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ। 1952 ਵਿੱਚ ਜਨਮੇ ਓਂਕਾਰ ਪਾਹਵਾ 1974 ਵਿੱਚ ਪਰਿਵਾਰਕ ਕਾਰੋਬਾਰ ਵਿੱਚ ਸ਼ਾਮਲ ਹੋਏ ਅਤੇ 2002 ਵਿੱਚ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਬਣੇ। ਉਨ੍ਹਾਂ ਦੀ ਅਗਵਾਈ ਵਿੱਚ ਏਵਨ ਸਾਈਕਲਾਂ ਦਾ ਸਾਲਾਨਾ ਉਤਪਾਦਨ 1.4 ਮਿਲੀਅਨ ਤੋਂ ਵਧ ਕੇ 2.5 ਮਿਲੀਅਨ ਹੋ ਗਿਆ।

ਪਦਮਸ਼੍ਰੀ ਪੁਰਸਕਾਰ ਜੇਤੂ (ਸਕ੍ਰੀਨਸ਼ਾਟ)

ਉਨ੍ਹਾਂ ਨੇ ਕੰਪਨੀ ਦੇ ਉਤਪਾਦ ਦੀ ਰੇਂਜ ਨੂੰ 25-30 ਮਾਡਲਾਂ ਤੋਂ 170+ ਮਾਡਲਾਂ ਤੱਕ ਵਧਾ ਦਿੱਤਾ ਅਤੇ ਇਸ ਨੂੰ ਵਿਸ਼ਵ ਪੱਧਰ 'ਤੇ ਪ੍ਰਸਿੱਧ ਬਣਾਇਆ। ਓਂਕਾਰ ਪਾਹਵਾ ਨੇ ਕੰਪਨੀ ਨੂੰ ਵਾਤਾਵਰਣ ਵੱਲ ਵੀ ਪ੍ਰੇਰਿਤ ਕੀਤਾ। ਜਿਸ 'ਚ ਪਵਨ ਊਰਜਾ ਅਤੇ ਸੂਰਜੀ ਊਰਜਾ ਵਿੱਚ ਨਿਵੇਸ਼ ਕਰਨਾ, ਉਨ੍ਹਾਂ ਦੀਆਂ ਸਮਾਜ ਸੇਵਾ ਦੀਆਂ ਪਹਿਲਕਦਮੀਆਂ, ਜਿਸ ਵਿੱਚ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਚੈਰਿਟੀ ਸ਼ਾਮਲ ਹਨ, ਵੀ ਸ਼ਲਾਘਾਯੋਗ ਹਨ।

ABOUT THE AUTHOR

...view details