ਜਲੰਧਰ: ਲੋਕ ਸਭਾ ਚੋਣਾਂ ਦੇ ਚੱਲਦੇ ਜਿਥੇ ਸਿਆਸੀ ਪਾਰਟੀਆਂ ਆਪਣੇ ਪ੍ਰਚਾਰ 'ਚ ਜੁਟੀਆਂ ਹੋਈਆਂ ਹਨ ਤਾਂ ਉਥੇ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਆਪਣੇ ਉਮੀਦਵਾਰਾਂ ਦੇ ਪ੍ਰਚਾਰ ਲਈ ਦੋ ਦਿਨਾਂ ਪੰਜਾਬ ਦੌਰੇ 'ਤੇ ਆਏ ਹਨ। ਜਿਥੇ ਉਨ੍ਹਾਂ ਵਲੋਂ ਉਮੀਦਵਾਰਾਂ ਦੇ ਹੱਕ 'ਚ ਪਟਿਆਲਾ, ਜਲੰਧਰ ਅਤੇ ਗੁਰਦਾਸਪੁਰ 'ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਕਿਸਾਨਾਂ ਵਲੋਂ ਪ੍ਰਧਾਨ ਮੰਤਰੀ ਦੀ ਇਸ ਰੈਲੀ ਨੂੰ ਲੈਕੇ ਵਿਰੋਧ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਕਿਸਾਨ ਆਗੂਆਂ ਵਲੋਂ ਪ੍ਰਧਾਨ ਮੰਤਰੀ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਸਵਾਲ ਪੁੱਛਣ ਦਾ ਐਲਾਨ ਕੀਤਾ ਗਿਆ ਸੀ। ਜਿਸ ਦੇ ਚੱਲਦੇ ਪੰਜਾਬ ਪੁਲਿਸ ਨੇ ਕਿਸਾਨ ਆਗੂਆਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ।
ਕਿਸਾਨਾਂ ਨੇ ਪੀਐਮ ਮੋਦੀ ਤੋਂ ਪੁੱਛਣੇ ਸੀ ਸਵਾਲ: ਦੱਸ ਦਈਏ ਕਿ ਬੀਤੇ ਦਿਨ ਵੀ ਕਿਸਾਨ ਪੀਐਮ ਮੋਦੀ ਨੂੰ ਸਵਾਲ ਪੁੱਛਣ ਲਈ ਪਟਿਆਲਾ ਪਹੁੰਚੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਹਾਈਵੇਅ ’ਤੇ ਹੀ ਰੋਕ ਲਿਆ ਸੀ। ਜਿਸ ਕਾਰਨ ਕਿਸਾਨਾਂ ਨੇ ਅੱਜ ਜਲੰਧਰ ਵਿੱਚ ਹੋਣ ਵਾਲੀ ਪੀਐਮ ਮੋਦੀ ਦੀ ਰੈਲੀ ਵਿੱਚ ਪਹੁੰਚਣ ਦਾ ਐਲਾਨ ਕੀਤਾ ਸੀ ਪਰ ਸ਼ਾਮ 4.30 ਵਜੇ ਪੀਐਮ ਮੋਦੀ ਦੀ ਰੈਲੀ ਤੋਂ ਪਹਿਲਾਂ ਹੀ ਪੁਲਿਸ ਨੇ ਕਿਸਾਨਾਂ ਨੂੰ ਨਜ਼ਰਬੰਦ ਕਰ ਦਿੱਤਾ ਹੈ।