ਲੁਧਿਆਣਾ: ਲੁਧਿਆਣਾ ਦੇ ਢੋਲੇਵਾਲ ਚੌਂਕ ਦੇ ਨੇੜੇ ਬਣੇ ਇੱਕ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦੀ ਪਤਨੀ ਵੱਲੋਂ ਚਲਾਏ ਜਾ ਰਹੇ ਗੁਰਦੁਆਰਾ ਸਾਹਿਬ ਦੇ ਅੰਦਰ ਬਿਊਟੀ ਪਾਰਲਰ ਨੂੰ ਲੈ ਕੇ ਅੱਜ ਉਸ ਵੇਲੇ ਵੱਡਾ ਵਿਵਾਦ ਹੋ ਗਿਆ ਜਦੋਂ ਕੁਝ ਨਿਹੰਗ ਸਿੰਘ ਅਤੇ ਸਿੱਖ ਜਥੇਬੰਦੀਆਂ ਦੇ ਨਾਲ, ਕੁਝ ਧਾਰਮਿਕ ਆਗੂਆਂ ਦੇ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਸੇਵਾਦਾਰ ਨੂੰ ਸਵਾਲ ਕੀਤਾ ਗਿਆ ਅਤੇ ਪੁੱਛਿਆ ਗਿਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਬਿਊਟੀ ਪਾਰਲਰ ਚਲਾਉਣਾ ਮਰਿਆਦਾ ਦੀ ਉਲੰਘਣਾ ਹੈ ਅਤੇ ਇਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕੀਤਾ ਜਾਵੇ। ਉਹਨਾਂ ਕਿਹਾ ਕਿ ਉਹਨਾਂ ਦੀ ਪਤਨੀ ਜੋ ਕੰਮ ਕਰਨਾ ਚਾਹੁੰਦੀ ਹੈ, ਉਹ ਕਰ ਸਕਦੀ ਹੈ ਪਰ ਇਹ ਕੰਮ ਗੁਰਦੁਆਰਾ ਸਾਹਿਬ ਪਰੀਸਰ ਦੇ ਵਿੱਚ ਹੋਣਾ ਸਹੀ ਨਹੀਂ ਹੈ। ਨਿਹੰਗ ਸਿੰਘਾਂ ਨੇ ਇਸ ਦੌਰਾਨ ਸੇਵਾਦਾਰ ਨੂੰ ਬੇਨਤੀ ਕੀਤੀ ਅਤੇ ਉਹਨੂੰ ਤਾੜਨਾ ਵੀ ਕੀਤੀ ਕਿ ਉਹ ਇਹ ਕੰਮ ਇਥੋਂ ਬੰਦ ਕਰ ਦਵੇ ਨਹੀਂ ਤਾਂ ਕਾਰਵਾਈ ਹੋਵੇਗੀ।
ਪ੍ਰਧਾਨ ਨੇ ਮੌਕੇ 'ਤੇ ਸੇਵਾਦਾਰ ਦੀ ਕੀਤੀ ਛੁੱਟੀ
ਇਸ ਦੌਰਾਨ ਕਾਫੀ ਹੰਗਾਮਾ ਵੀ ਗੁਰਦੁਆਰਾ ਸਾਹਿਬ ਦੇ ਪਰੀਸਰ ਦੇ ਵਿੱਚ ਵੇਖਣ ਨੂੰ ਮਿਲਿਆ। ਨਿਹੰਗ ਸਿੰਘਾਂ ਨੇ ਕਿਹਾ ਕਿ ਉਹ ਪਰਿਵਾਰ ਨੂੰ ਇਹ ਕਹਿਣ ਆਏ ਹਨ ਕਿ ਅਜਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਕੀਤਾ ਜਾਵੇ ਕਿਉਂਕਿ ਇਹ ਗੁਰ ਮਰਿਆਦਾ ਦੀ ਉਲੰਘਣਾ ਹੈ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਅਜਿਹੇ ਸੇਵਾਦਾਰ ਤੋਂ ਕੀ ਕਰਾਉਣਾ ਹੈ। ਹਾਲਾਂਕਿ ਗੁਰਦੁਆਰੇ ਦੇ ਪ੍ਰਧਾਨ ਨੇ ਇਸ ਮਾਮਲੇ ਵਿੱਚ ਸੇਵਾਦਾਰ ਦੀ ਛੁੱਟੀ ਕਰ ਦਿੱਤੀ ਹੈ ਅਤੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲਣ ਤੋਂ ਬਾਅਦ ਹੀ ਉਹ ਮੌਕੇ ‘ਤੇ ਪਹੁੰਚੇ ਹਨ।ਉਹਨਾਂ ਕਿਹਾ ਕਿ ਅਜਿਹਾ ਕੰਮ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ।