ਬਠਿੰਡਾ:ਝੋਨੇ ਦੀ ਵਾਢੀ ਦਾ ਸੀਜ਼ਨ ਪੂਰੇ ਜੋਰਾ 'ਤੇ ਹੈ। 6 ਮਹੀਨਿਆਂ ਤੋਂ ਫਸਲ ਪੱਕਣ ਦੀ ਉਡੀਕ ਕਰ ਰਹੇ ਕਿਸਾਨਾਂ ਨੂੰ ਹੁਣ ਮੰਡੀਆਂ ਵਿੱਚ ਸ਼ਰੇਆਮ ਰੋਲਿਆ ਜਾ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਕਰੀਬ ਇੱਕ ਮਹੀਨੇ ਤੋਂ ਝੋਨੇ ਦੀ ਲਿਫਟਿੰਗ ਅਤੇ ਖਰੀਦ ਨੂੰ ਲੈ ਕੇ ਲਗਾਤਾਰ ਪੰਜਾਬ ਭਰ ਦੇ ਵਿੱਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਦੇ ਚਲਦਿਆਂ ਹੀ ਲਗਾਤਾਰ ਝੋਨੇ ਦੀ ਖਰੀਦ ਅਤੇ ਢੋਆ ਢੁਆਈ ਦੇ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਵੱਲੋਂ ਨਿਤ ਨਵੇਂ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਜਾ ਰਿਹਾ ਹੈ। ਉੱਥੇ ਹੀ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਰੇਲਵੇ ਟਰੈਕ ਅਤੇ ਟੋਲ ਪਲਾਜੇ ਫਰੀ ਕਰਨ ਤੋਂ ਬਾਅਦ ਬਠਿੰਡਾ ਦੇ ਮਿਨੀ ਸੈਕਟਰੀਏਟ ਅਤੇ ਡਿਪਟੀ ਕਮਿਸ਼ਨਰ ਦੇ ਘਰ ਦਾ ਘਿਰਾਓ ਕੀਤਾ ਗਿਆ ਹੈ। ਇਹ ਘਿਰਾਓ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਹਾਂ ਵੱਲੋਂ ਕੀਤਾ ਗਿਆ ਹੈ।
ਝੋਨੇ ਦੀ ਖਰੀਦ 'ਤੇ ਕਣਕ ਦੀ ਬਿਜਾਈ ਹੋ ਰਹੀ ਲੇਟ, ਕਿਸਾਨਾਂ ਨੇ ਘੇਰਿਆ ਮਿਨੀ ਸੈਕਟਰੀਏਟ ਅਤੇ ਡਿਪਟੀ ਕਮਿਸ਼ਨਰ ਦਾ ਘਰ - SIEGE MINI SECRETARIAT DC HOUSE
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਹਾ ਵੱਲੋਂ ਬਠਿੰਡਾ ਦੇ ਮਿਨੀ ਸੈਕਟਰੀਏਟ ਅਤੇ ਡਿਪਟੀ ਕਮਿਸ਼ਨਰ ਦੇ ਘਰ ਦਾ ਘਿਰਾਓ ਕੀਤਾ ਗਿਆ ਹੈ।
Published : Nov 6, 2024, 8:32 AM IST
ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਤਾਂ ਜੋ ਕਿਸਾਨ ਖੁਦ ਹੀ ਆਪਣੀਆਂ ਜਮੀਨਾਂ ਵੇਚ ਦੇਣ ਕਿਉਂਕਿ ਜੇਕਰ ਕਿਸਾਨਾਂ ਦੀ ਫਸਲ ਨਹੀਂ ਵਿਕੇਗੀ ਤਾਂ ਉਹ ਖੇਤੀ ਕਿਉਂ ਕਰੇਗਾ। ਜੇਕਰ ਖੇਤੀ ਨਹੀਂ ਕਰੇਗਾ ਤਾਂ ਉਸ ਨੂੰ ਜਮੀਨ ਦੀ ਕੀ ਲੋੜ ਹੈ, ਕਾਰਪੋਰੇਟ ਘਰਾਣਿਆਂ ਦੀ ਅੱਖ ਹੁਣ ਪੰਜਾਬ ਦੀ ਉਪਜਾਊ ਜਮੀਨ 'ਤੇ ਹੈ। ਇਨ੍ਹਾਂ ਵੱਲੋਂ ਲਗਾਤਾਰ ਕੇਂਦਰ ਅਤੇ ਪੰਜਾਬ ਸਰਕਾਰ 'ਤੇ ਦਬਾਅ ਬਣਾਇਆ ਜਾ ਰਿਹਾ ਹੈ। ਕਿਸਾਨਾਂ ਦੀਆਂ ਫਸਲਾਂ ਦੇ ਬਣਦੇ ਭਾਅ ਨਹੀਂ ਦਿੱਤੇ ਜਾ ਰਹੇ, ਨਾ ਹੀ ਖਰੀਦ ਕੀਤੀ ਜਾ ਰਹੀ ਹੈ ਅਤੇ ਨਾ ਹੀ ਢੋਆ ਢੋਆਈ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ
ਦੱਸ ਦੇਈਏ ਕਿ ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਰਾਤਾਂ ਕੱਟਣੀਆਂ ਪੈ ਰਹੀਆਂ ਹਨ ਜਿਸ ਕਾਰਨ ਕਣਕ ਦੀ ਬਜਾਈ ਲਗਾਤਾਰ ਲੇਟ ਹੋ ਰਹੀ ਹੈ। ਅਜਿਹੇ ਵਿੱਚ ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪਵੇਗੀ। ਇੱਕ ਪਾਸੇ ਝੋਨੇ ਦੀ ਖਰੀਦ ਨਹੀਂ ਹੋ ਰਹੀ ਅਤੇ ਦੂਜੇ ਪਾਸੇ ਕਣਕ ਦੀ ਬਜਾਈ ਲੇਟ ਹੋ ਜਾਵੇਗੀ। ਜਿਸ ਕਾਰਨ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਵੇਗਾ। ਸਰਕਾਰ ਵੱਲੋਂ ਅਪਣਾਏ ਗਏ ਮਾਪਦੰਡਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।