ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਵਿੱਚ ਹੋਈ ਨਗਰ ਪੰਚਾਇਤ ਦੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਹੋਈ ਹੈ। ਆਮ ਆਦਮੀ ਪਾਰਟੀ 10 ਵਾਰਡਾਂ ਵਿੱਚ ਜਿੱਤ ਦਰਜ ਕਰਕੇ ਨਗਰ ਪੰਚਾਇਤ ਉੱਪਰ ਕਾਬਜ਼ ਹੋਣ ਵਿੱਚ ਸਫਲ ਰਹੀ ਹੈ। ਆਮ ਆਦਮੀ ਪਾਰਟੀ ਦੇ 10 ਉਮੀਦਵਾਰ ਇਸ ਚੋਣ ਵਿੱਚ ਜੇਤੂ ਰਹੇ, ਜਦ ਕਿ ਦੋ ਵਾਰਡਾਂ ਵਿੱਚ ਆਜ਼ਾਦ ਅਤੇ ਇੱਕ ਵਾਰਡ ਵਿੱਚ ਕਾਂਗਰਸ ਪਾਰਟੀ ਦਾ ਉਮੀਦਵਾਰ ਸਿਰਫ ਇੱਕ ਵੋਟ 'ਤੇ ਜੇਤੂ ਰਿਹਾ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਇਸ ਚੋਣ ਵਿੱਚ ਖਾਤਾ ਵੀ ਨਹੀਂ ਖੁੱਲ੍ਹ ਸਕਿਆ। ਸਵੇਰ ਤੋਂ ਲੈ ਕੇ ਚੱਲ ਰਹੀ ਚੋਣ ਪ੍ਰਕਿਰਿਆ ਦੌਰਾਨ ਹਲਕੀ ਫੁਲਕੀ ਝੜਪ ਜ਼ਰੂਰ ਦੇਖਣ ਨੂੰ ਮਿਲੀ, ਪ੍ਰੰਤੂ ਪੂਰੀ ਚੋਣ ਪ੍ਰਕਿਰਿਆ ਅਮਨ ਸ਼ਾਂਤੀ ਨਾਲ ਮੁਕੰਮਲ ਹੋਈ ਹੈ।
ਹੰਡਿਆਇਆ ਨਗਰ ਪੰਚਾਇਤ (Etv Bharat ਪੱਤਰਕਾਰ ਬਰਨਾਲਾ) 'ਆਪ' ਉਮੀਦਵਾਰ ਨੇ ਜਿੱਤ ਕੀਤੀ ਹਾਸਲ
ਇਸ ਮੌਕੇ ਗੱਲਬਾਤ ਕਰਦਿਆਂ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਵਾਰਡ ਨੰਬਰ ਛੇ ਦੇ ਉਮੀਦਵਾਰ ਗੁਰਮੀਤ ਸਿੰਘ ਬਾਵਾ ਨੇ ਆਪਣੀ ਜਿੱਤ ਉੱਪਰ ਪਾਰਟੀ ਹਾਈ ਕਮਾਂਡ ਅਤੇ ਵਾਰਡ ਦੇ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜਿੰਨਾ ਆਸਾਂ ਉਮੀਦਾਂ ਨਾਲ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਹੈ, ਉਹ ਉਸ ਉੱਪਰ ਖਰਾ ਉਤਰਨਗੇ। ਨਗਰ ਪੰਚਾਇਤ ਦੀ ਪ੍ਰਧਾਨਗੀ ਨੂੰ ਲੈ ਕੇ ਉਹਨਾਂ ਕਿਹਾ ਕਿ ਇਸ ਦਾ ਫੈਸਲਾ ਹਾਈ ਕਮਾਂਡ ਕਰੇਗੀ।
ਹੰਡਿਆਇਆ ਨਗਰ ਪੰਚਾਇਤ (Etv Bharat ਕੈਨਵਾ) 1 ਵੋਟ ਤੋਂ ਕਾਂਗਰਸੀ ਉਮੀਦਵਾਰ ਜਿੱਤਿਆ
ਉੱਥੇ ਇਸ ਮੌਕੇ ਸਿਰਫ ਇੱਕ ਵੋਟ ਨਾਲ ਚੋਣ ਜਿੱਤਣ ਵਾਲੇ ਕੁਲਦੀਪ ਸਿੰਘ ਤਾਜਪੁਰੀਆ ਨੇ ਆਪਣੀ ਜਿੱਤ ਲਈ ਵਾਰਡ ਦੇ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹ ਅਤੇ ਉਹਨਾਂ ਦੀ ਪਤਨੀ ਦੋਵੇਂ ਚੋਣ ਲੜ ਰਹੇ ਸਨ, ਜਿਸ ਕਰਕੇ ਉਹਨਾਂ ਨੂੰ ਦੁੱਗਣੀ ਮਿਹਨਤ ਕਰਨੀ ਪਈ ਅਤੇ ਇੱਕ ਸੀਟ ਉਹਨਾਂ ਦੀ ਝੋਲੀ ਪਈ ਹੈ। ਉਥੇ ਇਸ ਮੌਕੇ ਹਲਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਲੋਕਾਂ ਦਾ ਫਤਵਾ ਸਿਰ ਮੱਥੇ ਹੈ। ਉਹਨਾਂ ਕਿਹਾ ਕਿ ਮੈਂ ਵੀ ਨਗਰ ਪੰਚਾਇਤ ਦਾ ਮੈਂਬਰ ਹਾਂ ਅਤੇ ਆਪਣੇ ਇੱਕੋ ਇੱਕ ਐਮਸੀ ਨਾਲ ਮਿਲ ਕੇ ਲੋਕਾਂ ਦੇ ਮੁੱਦੇ ਉਠਾਏ ਜਾਣਗੇ।
ਹੰਡਿਆਇਆ ਨਗਰ ਪੰਚਾਇਤ (Etv Bharat ਕੈਨਵਾ) ਜ਼ਿਮਨੀ ਚੋਣ 'ਚ ਕਾਂਗਰਸ ਨੂੰ ਮਿਲੀ ਸੀ ਲੀਡ
ਜ਼ਿਕਰਯੋਗ ਹੈ ਕਿ ਮਹੀਨਾ ਪਹਿਲਾਂ ਬਰਨਾਲਾ ਵਿਧਾਨ ਸਭਾ ਹਲਕਾ ਦੀ ਹੋਈ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਨੂੰ ਹੰਡਿਆਇਆ ਕਸਬੇ ਵਿੱਚ ਲੀਡ ਹਾਸਲ ਹੋਈ ਸੀ, ਜਦਕਿ ਇੱਕ ਮਹੀਨੇ ਬਾਅਦ ਹੀ ਕਾਂਗਰਸ ਪਾਰਟੀ ਹੰਡਿਆਇਆ ਵਿੱਚ ਹਾਰਦੀ ਨਜ਼ਰ ਆਈ ਹੈ ਅਤੇ ਆਮ ਆਦਮੀ ਪਾਰਟੀ ਨੂੰ 10 ਵਾਰਡਾਂ ਵਿੱਚ ਲੀਡ ਹਾਸਲ ਹੋਈ ਹੈ। ਜਦ ਕਿ ਇੱਕ ਵਾਰਡ ਵਿੱਚ ਆਮ ਆਦਮੀ ਪਾਰਟੀ ਸਿਰਫ ਇੱਕ ਵੋਟ ਨਾਲ ਹਾਰ ਗਈ।
ਹੰਡਿਆਇਆ ਨਗਰ ਪੰਚਾਇਤ ਦਾ ਚੋਣ ਨਤੀਜਾ
- ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਵੀਰਪਾਲ ਕੌਰ 80 ਵੋਟਾਂ ਨਾਲ ਜੇਤੂ ਰਹੀ।
- ਵਾਰਡ ਨੰਬਰ 2 ਤੋਂ 'ਆਪ' ਉਮੀਦਵਾਰ ਰੂਪੀ ਕੌਰ 40 ਵੋਟਾਂ ਨਾਲ ਜੇਤੂ ਰਹੀ।
- ਵਾਰਡ ਨੰਬਰ 3 ਤੋਂ ਆਜ਼ਾਦ ਉਮੀਦਵਾਰ ਮੰਜੂ ਰਾਣੀ ਜੇਤੂ ਰਹੀ।
- ਵਾਰਡ ਨੰਬਰ 4 ਤੋਂ 'ਆਪ' ਉਮੀਦਵਾਰ ਚਰਨੋ ਕੌਰ ਚੋਣ ਜਿੱਤੇ।
- ਵਾਰਡ ਨੰਬਰ 5 ਤੋਂ 'ਆਪ' ਉਮੀਦਵਾਰ ਰੇਸ਼ਮਾ ਨੇ ਚੋਣ ਜਿੱਤੀ।
- ਵਾਰਡ ਨੰਬਰ 6 ਤੋਂ 'ਆਪ' ਉਮੀਦਵਾਰ ਗੁਰਮੀਤ ਸਿੰਘ ਬਾਵਾ 62 ਵੋਟਾਂ ਨਾਲ ਜੇਤੂ ਰਹੇ।
- ਵਾਰਡ ਨੰਬਰ 7 ਤੋਂ 'ਆਪ' ਉਮੀਦਵਾਰ ਬਿਨਾਂ ਮੁਕਾਬਲਾ ਜੇਤੂ।
- ਵਾਰਡ ਨੰਬਰ 8 ਤੋਂ ਕਾਂਗਰਸ ਪਰਟੀ ਦੇ ਉਮੀਦਵਾਰ ਕੁਲਦੀਪ ਤਾਜਪੁਰੀਆ ਇੱਕ ਵੋਟ ਨਾਲ ਚੋਣ ਜਿੱਤ ਗਏ।
- ਵਾਰਡ ਨੰਬਰ 9 ਤੋਂ 'ਆਪ' ਦੇ ਉਮੀਦਵਾਰ ਵਿਸਾਵਾ ਸਿੰਘ 132 ਵੋਟਾਂ ਨਾਲ ਜੇਤੂ ਰਹੇ।
- ਵਾਰਡ ਨੰਬਰ 10 ਤੋਂ 'ਆਪ' ਉਮੀਦਵਾਰ ਹਰਪ੍ਰੀਤ ਕੌਰ ਜੇਤੂ ਰਹੀ।
- ਵਾਰਡ ਨੰਬਰ 11 ਤੋਂ 'ਆਪ' ਉਮੀਦਵਾਰ ਸਰਬਜੀਤ ਕੌਰ ਚੋਣ ਜਿੱਤ ਗਈ।
- ਵਾਰਡ ਨੰਬਰ 12 ਤੋਂ 'ਆਪ' ਉਮੀਦਵਾਰ ਬਲਵੀਰ ਸਿੰਘ ਚੋਣ ਜਿੱਤ ਗਏ।
- ਵਾਰਡ ਨੰਬਰ 13 ਤੋਂ 'ਆਪ' ਉਮੀਦਵਾਰ ਅਮਰ ਦਾਸ ਚੋਣ ਜਿੱਤ ਗਏ।
ਵਾਰਡ ਸੱਤ ਤੋਂ ਬਿਨਾਂ ਮੁਕਾਬਲਾ ਜਿੱਤੀ 'ਆਪ'
ਜ਼ਿਕਰਯੋਗ ਹੈ ਕਿ ਵਾਰਡ ਨੰਬਰ ਸੱਤ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਸਨ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਿਨਾਂ ਮੁਕਾਬਲਾ ਲੜੇ ਇਸ ਸੀਟ ਤੋਂ ਜੇਤੂ ਕਰਾਰ ਦਿੱਤਾ ਗਿਆ।