ਫਿਰੌਤੀ ਗਿਰੋਹ ਦੇ ਦੋ ਮੈਂਬਰ ਕਾਬੂ (ETV BHARAT) ਬਰਨਾਲਾ: ਬਰਨਾਲਾ ਪੁਲਿਸ ਨੇ ਇੱਕ ਫਿਰੌਤੀ ਗਿਰੋਹ ਦੇ ਦੋ ਮੈਂਬਰ ਕਾਬੂ ਕੀਤੇ ਹਨ। ਇਹ ਗਿਰੋਹ ਕੈਨੇਡਾ ਤੋਂ ਚੱਲ ਰਿਹਾ ਹੈ। ਜਿਸ ਵਲੋਂ ਬਰਨਾਲਾ ਦੇ ਇੱਕ ਵਪਾਰੀ ਤੋਂ ਡੇਢ ਕਰੋੜ ਦੀ ਫਿਰੌਤੀ ਮੰਗੀ ਗਈ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਬਰਨਾਲਾ ਪੁਲਿਸ ਨੇ ਪੂਰੇ ਫਿਲਮੀ ਅੰਦਾਜ਼ ਵਿੱਚ ਗੁਪਤ ਆਪਰੇਸ਼ਨ ਚਲਾ ਕੇ ਦੋਸ਼ੀਆਂ ਨੂੰ ਕਾਬੂ ਕੀਤਾ ਹੈ।
ਬਰਨਾਲਾ ਦੇ ਵਪਾਰੀ ਨੂੰ ਧਮਕੀ: ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ 14 ਜੂਨ ਨੂੰ ਬਰਨਾਲਾ ਦੇ ਇੱਕ ਬੂਟ ਵਪਾਰੀ ਕਮਲ ਜਿੰਦਲ ਨਾਮ ਨੂੰ ਵਿਦੇਸ਼ੀ ਵਟਸਐਪ ਨੰਬਰ ਉਪਰ ਧਮਕੀਆਂ ਵਾਲੇ ਮੈਸੇਜ ਅਤੇ ਕਾਲ ਆਈ ਸੀ। ਜਿਸ ਵਿੱਚ ਉਹਨਾਂ ਤੋਂ ਡੇਢ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਅਤੇ ਇਹ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਪਰਿਵਾਰ ਦਾ ਨੁਕਸਾਨ ਕਰਨ ਦੀ ਧਮਕੀ ਦਿੱਤੀ ਗਈ। ਪਰਿਵਾਰ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ। ਇਸ ਸਬੰਧੀ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਗਿਰੋਹ ਦੇ ਦੋ ਮੈਂਬਰ ਕਾਬੂ: ਇਸ ਤੋਂ ਬਾਅਦ ਪੁਲਿਸ ਨੇ ਇੱਕ ਕੰਟਰੋਲ ਆਪਰੇਸ਼ਨ ਤਹਿਤ ਪੀੜਤ ਵਪਾਰੀ ਨਾਲ ਫਿਰੌਤੀ ਮੰਗਣ ਵਾਲੇ ਮੁਲਜ਼ਮਾਂ ਦੀ ਗੱਲਬਾਤ ਜਾਰੀ ਰੱਖੀ ਗਈ। ਜਿਸ ਵਿੱਚ ਦੋਸ਼ੀ ਪਾਰਟੀ ਨਾਲ 50 ਲੱਖ ਰੁਪਏ ਵਿੱਚ ਦੇਣ ਦੀ ਗੱਲ ਫ਼ਾਈਨਲ ਹੋਈ। ਜਿਸ ਤੋਂ ਬਾਅਦ ਸੀਆਈਏ ਸਟਾਫ਼ ਅਤੇ ਥਾਣਾ ਸਿਟੀ ਬਰਨਾਲਾ ਨੇ ਗੁਪਤ ਮਿਸ਼ਨ ਤਹਿਤ ਨਕਲੀ ਅਤੇ ਕੁਝ ਅਸਲੀ ਨੋਟਾਂ ਦੇ ਭਰੇ ਬੈਗ ਨਾਲ ਫਿਰੌਤੀ ਵਾਲੇ ਦੋਸ਼ੀਆਂ ਕੋਲ ਭੇਜਿਆ ਗਿਆ। ਇਸ ਆਪਰੇਸ਼ਨ ਤਹਿਤ ਪੁਲਿਸ ਨੇ ਮੌਕੇ ਤੋਂ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਹਨਾਂ ਦੋਸ਼ੀਆਂ ਵਿੱਚ ਵਿਸ਼ਾਲਜੀਤ ਸ਼ਰਮਾ ਉਰਫ਼ ਵਿੱਕੀ ਡਾਲਰ ਵਾਸੀ ਰਾਏਕੋਟ ਅਤੇ ਪਰਮਜੀਤ ਸਿੰਘ ਹੈਪੀ ਵਾਸੀ ਲੁਧਿਆਣਾ ਕਾਬੂ ਕੀਤੇ ਹਨ। ਪੁਲਿਸ ਨੇ ਇਸ ਜਾਂਚ ਦੌਰਾਨ ਦੋ ਹੋਰ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ। ਇਹ ਫਿਰੌਤੀ ਵਾਲੀਆ ਕਾਲਾਂ ਕੈਨੇਡਾ ਤੋਂ ਗੁਰਦੀਪ ਸਿੰਘ ਸ਼ੇਰਗਿੱਲ ਵਾਸੀ ਰਾਮਨਗਰ ਛੰਨਾ (ਸੰਗਰੂਰ) ਅਤੇ ਮਨਜਿੰਦਰ ਸਿੰਘ ਦੀਦਾਰਗੜ੍ਹ (ਸੰਗਰੂਰ) ਵਲੋਂ ਕੀਤੀਆਂ ਗਈਆ ਸਨ।
ਕੈਨੇਡਾ ਤੋਂ ਕਰਦੇ ਸੀ ਧਮਕੀ ਦਾ ਫੋਨ:ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਦੋਸ਼ੀ ਮਨਜਿੰਦਰ ਸਿੰਘ ਕੈਨੇਡਾ ਜਾਣ ਤੋਂ ਪਹਿਲਾਂ ਪੀੜਤ ਵਪਾਰੀ ਦੀ ਬੂਟਾ ਦੀ ਦੁਕਾਨ ਉਪਰ ਕੰਮ ਵੀ ਕਰਦਾ ਸੀ, ਜਿਸ ਕਰਕੇ ਇਸ ਨੂੰ ਵਪਾਰੀ ਦੇ ਪਰਿਵਾਰ ਅਤੇ ਬਿਜ਼ਨਸ ਬਾਰੇ ਪਤਾ ਸੀ। ਇਸ ਜਾਣਕਾਰੀ ਨੂੰ ਵਰਤ ਕੇ ਹੀ ਧਮਕੀ ਭਰੇ ਮੈਸੇਜ ਅਤੇ ਧਮਕੀਆਂ ਦੇ ਰਹੇ ਸਨ। ਉਹਨਾਂ ਕਿਹਾ ਕਿ ਕੈਨੇਡਾ ਰਹਿੰਦੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਵੀ ਐਨਓਸੀ ਜਾਰੀ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਕਾਬੂ ਕੀਤੇ ਗਏ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਗੈਂਗਸਟਰਾਂ ਨਾਲ ਨਹੀਂ ਕੋਈ ਸਬੰਧ: ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਤੋਂ ਇੱਕ ਕਰੇਟਾ ਕਾਰ, ਪੈਸਿਆਂ ਦੇ 500 ਰੁਪਏ ਦੇ ਨੋਟ ਦਾ ਬੈਗ ਬਰਾਮਦ ਹੋਇਆ ਹੈ। ਉਹਨਾਂ ਕਿਹਾ ਕਿ ਦੋਸ਼ੀਆਂ ਦਾ ਫਿਲਹਾਲ ਗੈਂਗਸਟਰਾਂ ਨਾਲ ਕੋਈ ਲਿੰਕ ਸਾਹਮਣੇ ਨਹੀਂ ਆਇਆ ਹੈ, ਬਲਕਿ ਮੌਜੂਦਾ ਮਾਹੌਲ ਦੇ ਹਿਸਾਬ ਦਾ ਧਮਕੀਆਂ ਦੇ ਕੇ ਲਾਹਾ ਲੈਣ ਦੀ ਕੋਸਿਸ਼ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਹੋਰ ਵੀ ਕੁੱਝ ਸਾਹਮਣੇ ਆਇਆ ਤਾਂ ਉਸ ਹਿਸਾਬ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।