ਬਰਨਾਲਾ: ਬਰਨਾਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਦਾ ਸਿਆਸੀ ਪਾਰਾ ਪੂਰੀ ਸਿਖਰ 'ਤੇ ਹੈ। ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਆਖ਼ਰੀ ਦਿਨ ਹੈ। ਉਥੇ ਇਸੇ ਸਿਆਸੀ ਮਾਹੌਲ ਵਿੱਚ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਗਾਇਬ ਦਿਖਾਈ ਦੇ ਰਹੇ ਹਨ। ਉਹਨਾਂ ਦੇ ਕਈ ਦਿਨਾਂ ਤੋਂ ਬੀਮਾਰ ਹੋਣ ਦੇ ਚਰਚੇ ਹਨ। ਅੱਜ ਬਰਨਾਲਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਇਸ ਦੌਰਾਨ ਵੀ ਸੰਸਦ ਮੈਂਬਰ ਮੀਤ ਹੇਅਰ ਗੈਰ ਹਾਜ਼ਰ ਰਹੇ। ਆਮ ਆਦਮੀ ਪਾਰਟੀ ਦੇ ਆਗੂਆਂ ਅਨੁਸਾਰ ਮੀਤ ਹੇਅਰ ਨੂੰ ਡੇਂਗੂ ਹੋਣ ਕਾਰਨ ਉਹ ਬੈਡ ਰੈਸਟ ਉਪਰ ਹਨ। ਉਹਨਾਂ ਦੇ ਤੰਦਰੁਸਤ ਹੋਣ ਵਿੱਚ ਅਜੇ ਕੁੱਝ ਦਿਨ ਹੋਰ ਲੱਗ ਸਕਦੇ ਹਨ।
ਸਾਂਸਦ ਮੀਤ ਹੇਅਰ ਨੂੰ ਹੋਇਆ ਡੇਂਗੂ
ਇਸ ਮੌਕੇ ਆਪ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਹਨ। ਉਹਨਾਂ ਨੂੰ ਡੇਂਗੂ ਦੀ ਸ਼ਿਕਾਇਤ ਕਾਰਨ ਡਾਕਟਰਾਂ ਨੇ ਰੈਸਟ ਦੀ ਸਲਾਹ ਦਿੱਤੀ ਹੈ। ਜਿਸ ਕਰਕੇ ਉਹ ਅੱਜ ਪਹੁੰਚ ਨਹੀਂ ਸਕੇ। ਉਹਨਾਂ ਕਿਹਾ ਕਿ ਅੱਜ ਹੀ ਉਹ ਮੀਤ ਹੇਅਰ ਦਾ ਹਾਲ ਚਾਲ ਲੈਕੇ ਆਏ ਹਨ ਤੇ ਉਹ ਪਹਿਲਾਂ ਨਾਲੋਂ ਠੀਕ ਹਨ। ਉਹਨਾਂ ਕਿਹਾ ਕਿ ਬਹੁਤ ਜਲਦ ਤੰਦਰੁਸਤ ਹੋ ਕੇ ਚੋਣ ਪ੍ਰਚਾਰ ਕਰਨਗੇ। ਵਿਧਾਇਕ ਸੁਖਾਨੰਦ ਨੇ ਕਿਹਾ ਕਿ ਬਰਨਾਲਾ ਹਲਕੇ ਤੋਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਜਿੱਤ ਮਿਲਦੀ ਰਹੀ ਹੈ ਅਤੇ ਇਸ ਵਾਰ ਵੀ ਬਰਨਾਲਾ ਦੇ ਲੋਕ ਆਮ ਆਦਮੀ ਪਾਰਟੀ ਨੂੰ ਮਾਣ ਬਖ਼ਸਣਗੇ।