ਵਪਾਰੀਆਂ ਵਲੋਂ ਬਰਨਾਲਾ ਸ਼ਹਿਰ ਬੰਦ (ETV Bharat Barnala)
ਬਰਨਾਲਾ :ਬੀਤੇ ਦਿਨ ਬਰਨਾਲਾ ਵਿਖੇ ਕਿਸਾਨਾਂ ਅਤੇ ਵਾਪਰੀਆਂ ਦਰਮਿਆਨ ਹੋਈ ਝੜਪ ਦਾ ਮਾਮਲਾ ਸਾਹਮਣੇ ਆਇਆ ਸੀ। ਵਪਾਰ ਮੰਡਲ ਦੇ ਸੱਦੇ 'ਤੇ ਬਰਨਾਲਾ ਸ਼ਹਿਰ ਬੰਦ ਕੀਤਾ ਗਿਆ ਹੈ। ਸਮੁੱਚੇ ਦੁਕਾਨਦਾਰਾਂ ਅਤੇ ਵਪਾਰੀਆਂ ਵਲੋਂ ਦੁਕਾਨਾਂ ਅਤੇ ਕਾਰੋਬਾਰ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬਰਨਾਲਾ ਦੇ ਸਾਰੇ ਬਾਜ਼ਾਰ ਅਤੇ ਦੁਕਾਨਾਂ ਬੰਦ, ਸਿਰਫ ਐਮਰਜੈਂਸੀ ਸੇਵਾਵਾਂ ਲਈ ਮੈਡੀਕਲ ਸਟੋਰ ਖੁੱਲ੍ਹੇ ਹਨ। ਬਾਜ਼ਾਰ ਵਿੱਚ ਇਕੱਠੇ ਹੋ ਕੇ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਕਿਸਾਨ ਯੂਨੀਅਨ, ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਯੂਨੀਅਨ ਉਪਰ ਬਲੈਕਮੇਲਿੰਗ ਕਰਕੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਉਂਦਿਆਂ ਕਿਸਾਨੀ ਮੁੱਦਿਆਂ ਦੀ ਥਾਂ ਵਪਾਰੀਆਂ ਨੂੰ ਪ੍ਰੇਸ਼ਾਨ ਕਰਕੇ ਪੈਸੇ ਵਸੂਲਣ ਦੇ ਦੋਸ਼ ਲਗਾਏ ਹਨ। ਪ੍ਰਦਰਸ਼ਨਕਾਰੀਆਂ ਨੇ ਸੁਣਵਾਈ ਨਾ ਹੋਣ 'ਤੇ ਸੰਘਰਸ਼ ਹੋਰ ਤੇਜ਼ ਅਤੇ ਤਿੱਖਾ ਕਰਨ ਤੋਂ ਇਲਾਵਾ ਪੰਜਾਬ ਬੰਦ ਕਰਨ ਤੱਕ ਦੀ ਚੇਤਾਵਨੀ ਦਿੱਤੀ ਹੈ।
ਦੋ ਦਿਨ ਪਹਿਲਾਂ ਕਿਸਾਨਾਂ ਨੇ ਵਪਾਰੀਆਂ 'ਤੇ ਕੀਤਾ ਸੀ ਲਾਠੀਚਾਰਜ :ਇਸ ਮੌਕੇ ਬੋਲਦਿਆਂ ਧਰਨਾਕਾਰੀ ਟਰੇਡ ਯੂਨੀਅਨ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ, ਵਿਕਾਸ ਗੋਇਲ ਅਤੇ ਰਾਜ ਕੁਮਾਰ ਵੱਲੋਂ ਕਿਸਾਨ ਯੂਨੀਅਨ ਵੱਲੋਂ ਇਮੀਗ੍ਰੇਸ਼ਨ ਵਪਾਰੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਦੇ ਹੱਕ ਵਿੱਚ ਸਮੁੱਚੇ ਵਪਾਰੀ ਅਤੇ ਦੁਕਾਨਦਾਰ ਖੜ੍ਹੇ ਹਨ। ਦੋ ਦਿਨ ਪਹਿਲਾਂ ਕਿਸਾਨਾਂ ਨੇ ਵਪਾਰੀਆਂ 'ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਸੀ। ਇਹ ਜਲੀਲ ਕਿਸਮ ਦੀ ਕਿਸਾਨ ਯੂਨੀਅਨ ਵੱਲੋਂ ਵਪਾਰੀਆਂ ਨਾਲ ਕੀਤੀ ਜਾ ਰਹੀ ਗੁੰਡਾਗਰਦੀ ਅਤੇ ਧੱਕੇਸ਼ਾਹੀ ਹੈ। ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਇਸ ਕਾਰਨ ਅੱਜ ਬਰਨਾਲਾ ਸ਼ਹਿਰ ਬੰਦ ਰਿਹਾ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਦਾ ਕੰਮ ਕਿਰਸਾਨੀ ਮੁੱਦਿਆਂ 'ਤੇ ਲੜਨਾ ਹੈ। ਪਰ ਇਹ ਫਰਜ਼ੀ ਕਿਸਮ ਦੀ ਕਿਸਾਨ ਯੂਨੀਅਨ ਬਲੈਕਮੇਲ ਕਰਕੇ ਪੈਸੇ ਹੜੱਪਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਹੁਣ ਵਪਾਰੀ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਆਪਣੇ ਹੱਕਾਂ ਲਈ ਸੜਕਾਂ 'ਤੇ ਉਤਰ ਆਏ ਹਨ। ਸਰਕਾਰ ਅਤੇ ਪ੍ਰਸ਼ਾਸਨ ਨੂੰ ਅਜਿਹੇ ਬਲੈਕਮੇਲ ਕਰਨ ਵਾਲੇ ਲੋਕਾਂ ਨੂੰ ਕਾਬੂ ਕਰਨ ਦੀ ਲੋੜ ਹੈ। ਧਰਨਾਕਾਰੀਆਂ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਦੇ ਜ਼ਹਿਰੀਲੇ ਫਰਜ਼ੀ ਕਿਸਮ ਕਾਨੂੰਨ, ਅਦਾਲਤ, ਪੁਲਿਸ ਅਤੇ ਪ੍ਰਸ਼ਾਸਨ ਨੂੰ ਸਬਕ ਸਿਖਾ ਕੇ ਜਾਣਦੇ ਹਨ। ਉਹ ਪੈਸੇ ਲੈ ਕੇ ਹਰ ਤਰ੍ਹਾਂ ਦੇ ਸਮਝੌਤੇ ਕਰਨ ਲੱਗ ਪਏ ਹਨ। ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਉਨ੍ਹਾਂ ਦਾ ਮਨੋਬਲ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ।
ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਕਰ ਰਿਹਾ ਮਦਦ : ਇਸ ਦੌਰਾਨ ਵਪਾਰੀ ਉਪਿੰਦਰ ਸਰਪੰਚ ਅਤੇ ਨੀਲਮਣੀ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਵਪਾਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ ਖ਼ਿਲਾਫ਼ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਇਆ। ਮੌਜੂਦਾ ਸਥਾਨਕ ਮੰਤਰੀ ਨੇ ਅਜੇ ਤੱਕ ਵਪਾਰੀਆਂ ਦੀ ਸਾਰ ਨਹੀਂ ਲਈ ਹੈ। ਜਦੋਂ ਕਿ ਵੋਟਾਂ ਲਈ ਉਹ ਕਾਰੋਬਾਰੀਆਂ ਦੇ ਘਰ-ਘਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਵੋਟ ਨਹੀਂ ਦੇਵਾਂਗੇ, ਜੋ ਇਸ ਔਖੇ ਸਮੇਂ ਵਿੱਚ ਸਾਡੇ ਨਾਲ ਨਹੀਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਾਡੀ ਸੁਣਵਾਈ ਨਾ ਹੋਈ ਤਾਂ ਅਸੀਂ ਆਪਣਾ ਸੰਘਰਸ਼ ਹੋਰ ਤੇਜ਼ ਕਰਾਂਗੇ ਅਤੇ ਜੇਕਰ ਲੋੜ ਪਈ ਤਾਂ ਇਸ ਨੂੰ ਪੰਜਾਬ ਪੱਧਰ ਤੱਕ ਲੈ ਕੇ ਜਾਵਾਂਗੇ।
ਦੱਸ ਦੇਈਏ ਕਿ ਕਿਸਾਨ ਯੂਨੀਅਨ ਵੱਲੋਂ ਨੌਜਵਾਨ ਨੂੰ ਇੰਗਲੈਂਡ ਭੇਜਣ ਦੇ ਮਾਮਲੇ ਨੂੰ ਲੈ ਕੇ ਇਮੀਗ੍ਰੇਸ਼ਨ ਏਜੰਟ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਇਸ ਪ੍ਰਦਰਸ਼ਨ ਦੌਰਾਨ ਕਿਸਾਨ ਯੂਨੀਅਨ ਅਤੇ ਵਪਾਰੀ ਵਰਗ ਆਹਮੋ-ਸਾਹਮਣੇ ਹੋ ਗਏ ਅਤੇ ਦੋਵਾਂ ਵਿਚਾਲੇ ਲਾਠੀਚਾਰਜ ਹੋਇਆ ਸੀ।