ਬਰਨਾਲਾ:ਪੰਜਾਬ ਵਿਚਲੀਆਂ ਜ਼ਿਮਨੀ ਚੋਣਾਂ ਨੂੰ ਲੈਕੇ ਹਰ ਇੱਕ ਸਿਆਸੀ ਪਾਰਟੀ ਨੇ ਆਪਣੇ ਪ੍ਰਚਾਰ ਲਈ ਪੂਰਾ ਜ਼ੋਰ ਲਗਾਇਆ। ਇਸ ਦੌਰਾਨ ਵੋਟਰਾਂ ਨਾਲ ਵੱਡੇ-ਵੱਡੇ ਵਾਅਦੇ ਤੇ ਐਲਾਨ ਵੀ ਕੀਤੇ ਗਏ। ਇਸ ਦੇ ਨਾਲ ਹੀ ਹੁਣ ਮਾਮਲਾ ਵੋਟਰਾਂ ਨੂੰ ਪੈਸੇ ਦੇ ਕੇ ਲਭਾਉਣ ਦਾ ਸਾਹਮਣੇ ਆ ਰਿਹਾ ਹੈ। ਇਸ ਮਾਮਲੇ 'ਚ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।
ਸਾਢੇ ਸੱਤ ਲੱਖ ਨਕਦੀ ਨਾਲ ਇੱਕ ਕਾਬੂ
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਪੁਲਿਸ ਨੇ ਇੱਕ ਵਿਅਕਤੀ ਨੂੰ ਸਾਢੇ ਸੱਤ ਲੱਖ ਦੀ ਨਕਦੀ ਤੇ ਇੱਕ ਪਿਸਤੌਲ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪੁਲਿਸ ਦੀ ਮੰਨੀ ਜਾਵੇ ਤਾਂ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਦਾ ਪੀਏ ਹਰਿੰਦਰ ਸਿੰਘ ਦੱਸਿਆ ਜਾ ਰਿਹਾ ਹੈ।
ਵਿਅਕਤੀ ਤੋਂ 14 ਲੋਕਾਂ ਦੀ ਇੱਕ ਸੂਚੀ ਬਰਾਮਦ
ਇਸ ਸਬੰਧੀ ਪੁਲਿਸ ਦਾ ਦਾਅਵਾ ਹੈ ਕਿ ਇਹ ਪੈਸਾ ਜ਼ਿਮਨੀ ਚੋਣਾਂ 'ਚ ਵੋਟਾਂ ਖਰੀਦਣ ਲਈ ਕੀਤਾ ਜਾਣਾ ਸੀ। ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਵਿਅਕਤੀ ਤੋਂ 14 ਲੋਕਾਂ ਦੀ ਇੱਕ ਸੂਚੀ ਬਰਾਮਦ ਹੋਈ ਹੈ, ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਸਬੰਧ ਰੱਖਦੇ ਹਨ।
ਗਿੱਦੜਬਾਹਾ 'ਚ ਵੀ ਤਿੰਨ ਲੱਖ ਬਰਾਮਦ
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਗਿੱਦੜਬਾਹਾ 'ਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿਥੇ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਤਿੰਨ ਲੱਖ ਦੀ ਨਕਦੀ ਨਾਲ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪੁਲਿਸ ਦਾ ਕਹਿਣਾ ਸੀ ਕਿ ਕਾਬੂ ਕੀਤੇ ਵਿਅਕਤੀਆਂ ਨੇ ਕਿਹਾ ਹੈ ਕਿ ਇਹ ਪੈਸਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਹੈ। ਜਿਸ 'ਚ ਪੁਲਿਸ ਨੇ ਕਿਹਾ ਕਿ ਵੋਟਾਂ ਖਰੀਦਣ ਲਈ ਪੈਸੇ ਦੀ ਵਰਤੋਂ ਕੀਤੀ ਜਾਣੀ ਸੀ।