ਇਹ ਆਦਤਾਂ ਨਾ ਸੁਧਾਰੀਆਂ, ਤਾਂ ਗੁਰਦਿਆਂ ਉੱਤੇ ਵੀ ਪੈ ਸਕਦਾ ਅਸਰ (ਈਟੀਵੀ ਭਾਰਤ, ਬਠਿੰਡਾ) ਬਠਿੰਡਾ:ਇਨੀਂ ਦਿਨੀਂ ਪੰਜਾਬ ਵਿੱਚ ਜਿੱਥੇ ਸਿਆਸਤ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਉੱਥੇ ਹੀ ਗਰਮੀ ਵੱਲੋਂ ਵੀ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦਿਨੀਂ ਤਾਪਮਾਨ 42 ਡਿਗਰੀ ਤੋਂ ਪਾਰ ਕਰਨ ਕਾਰਨ ਮਨੁੱਖੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਇਸ ਕਹਿਰ ਦੀ ਗਰਮੀ ਨੂੰ ਵੇਖਦੇ ਹੋਏ ਸਿਹਤ ਵਿਭਾਗ ਵੱਲੋਂ ਬਕਾਇਦਾ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਇਸ ਗਰਮੀ ਤੋਂ ਸੁਚੇਤ ਕੀਤਾ ਗਿਆ ਹੈ।
ਗਰਮੀਆਂ ਵਿੱਚ ਇਨ੍ਹਾਂ ਬਿਮਾਰੀਆਂ ਦਾ ਖ਼ਤਰਾ: ਸਿਵਲ ਹਸਪਤਾਲ ਬਠਿੰਡਾ ਵਿਖੇ ਤੈਨਾਤ ਡਾਕਟਰ ਅੰਜਲੀ ਬੰਸਲ ਨੇ ਦੱਸਿਆ ਕਿ ਇੱਕ ਹਫ਼ਤੇ ਤੋਂ ਲਗਾਤਾਰ ਤਾਪਮਾਨ ਕਾਫੀ ਹਾਈ ਜਾ ਰਿਹਾ ਹੈ ਜਿਸ ਕਾਰਨ ਡਾਇਰੀਆ, ਡੀ ਹਾਈਡ੍ਰੇਸ਼ਨ ਫੂਡ ਪੋਇਜ਼ਨਿੰਗ, ਵਾਇਰਲ ਫੀਵਰ ਦੇ ਮਰੀਜਾਂ ਦੀ ਗਿਣਤੀ ਕਾਫੀ ਜਿਆਦਾ ਵੱਧ ਗਈ ਹੈ। ਰੋਜ਼ਾਨਾ 80 ਤੋਂ 90% ਮਰੀਜ ਸਿਰਫ਼ ਇਨ੍ਹਾਂ ਬਿਮਾਰੀਆਂ ਨਾਲ ਸੰਬੰਧਿਤ ਆਉਂਦੇ ਹਨ। ਆਮ ਲੋਕ ਇਨ੍ਹਾਂ ਚੀਜ਼ਾਂ ਦੀ ਕਾਫੀ ਹੱਦ ਤੱਕ ਰੋਕਥਾਮ ਵੀ ਕਰ ਸਕਦੇ ਹਨ ਅਤੇ ਬਚਾਅ ਵੀ ਕਰ ਸਕਦੇ ਹਨ।
ਵੱਧਦੀ ਗਰਮੀ ਦਾ ਪ੍ਰਭਾਵ (ਈਟੀਵੀ ਭਾਰਤ, ਗ੍ਰਾਫਿਕਸ) ਤਾਜ਼ਾ ਜੂਸ ਪੀਓ:ਗਰਮੀ ਦੇ ਕਹਿਰ ਵਿੱਚ ਕੁਝ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਤੇਜ਼ ਧੁੱਪ ਵਿੱਚ ਜ਼ਿਆਦਾ ਬਾਹਰ ਅੰਦਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਰੇਹੜੀਆਂ ਉੱਤੇ ਬਣੇ ਜੂਸ ਨੂੰ ਪੀਣ ਦੀ ਬਜਾਏ ਘਰ ਤਾਜ਼ਾ ਜੂਸ ਬਣਾ ਕੇ ਪੀਣਾ ਚਾਹੀਦਾ ਹੈ। ਕੱਟੇ ਹੋਏ ਫਲ ਜਾਂ ਕਾਫੀ ਦੇਰ ਕੱਟ ਕੇ ਰੱਖੇ ਹੋਏ ਫਰੂਟ ਜਾਂ ਸਬਜ਼ੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਬੱਚੇ ਵਧ ਫਾਸਟ ਫੂਡ ਦੀ ਵਰਤੋਂ ਕਰਦੇ ਹਨ ਜਿਸ ਤੋਂ ਬੱਚਣਾ ਚਾਹੀਦਾ ਹੈ।
ਫਾਸਟ ਫ਼ੂਡ ਖਾਣ ਤੋਂ ਬਚੋ:ਅੰਜਲੀ ਬੰਸਲ ਨੇ ਕਿਹਾ ਕਿ ਫਾਸਟ ਫ਼ੂਡ ਕਾਫੀ ਦੇਰ ਪਹਿਲਾਂ ਹੀ ਅੱਧ ਪੱਕਿਆ ਬਣਾ ਕੇ ਰੱਖਿਆ ਜਾਂਦਾ ਹੈ ਜਿਸ ਨਾਲ ਗਰਮੀ ਕਰਕੇ ਕੀਟਾਣੂ ਜਲਦ ਪੈਦਾ ਹੁੰਦੇ ਹਨ। ਅਜਿਹਾ ਫੂ਼ਡ ਖਾਣ ਨਾਲ ਡਾਇਰੀਆ, ਡੀ ਹਾਈਡਰੇਸ਼ਨ, ਫੂਡ ਪੋਇਜ਼ਨਿੰਗ ਦੇ ਸਭ ਤੋਂ ਵੱਧ ਕਾਰਨ ਬਣਦੇ ਹਨ। ਘਰ ਵਿੱਚ ਵਰਤੋਂ ਲਈ ਹਮੇਸ਼ਾ ਆਰਓ ਵਾਲੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ, ਤਾਂ ਜੋ ਮਨੁੱਖੀ ਸਰੀਰ ਵਿੱਚ ਵਾਟਰ ਇਨਟੇਕ ਚੰਗਾ ਰਹੇ, ਜੇ ਕੋਈ ਥੋੜੀ ਬਹੁਤ ਸਮੱਸਿਆ ਆਉਂਦੀ ਹੈ, ਤਾਂ ਮਨੁੱਖੀ ਸਰੀਰ ਵਾਟਰ ਇਨਟੇਕ ਕਰਕੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦਾ ਹੈ।
ਵੱਧਦੀ ਗਰਮੀ ਦਾ ਪ੍ਰਭਾਵ (ਈਟੀਵੀ ਭਾਰਤ, ਗ੍ਰਾਫਿਕਸ) ਪਾਣੀ ਦੀ ਕਮੀ ਕਾਰਨ ਗੁਰਦਿਆਂ 'ਤੇ ਅਸਰ: ਡਾਕਟਰ ਅੰਜਲੀ ਬੰਸਲ ਨੇ ਕਿਹਾ ਕਿ ਵਾਟਰ ਇਨਟੇਕ ਸਹੀ ਨਹੀਂ ਰੱਖਦੇ ਤਾਂ ਇਸ ਦੇ ਨਾਲ ਪਾਣੀ ਦੀ ਸਰੀਰ ਵਿਚ ਕਮੀ ਹੋ ਕੇ ਮਨੁੱਖੀ ਸਰੀਰ ਇਕਦਮ ਨਿਢਾਲ ਤੇ ਸੁਸਤ ਹੋ ਜਾਂਦਾ ਹੈ। ਕਈ ਵਾਰੀ ਪਿਸ਼ਾਬ ਘੱਟ ਆਉਣ ਕਰਕੇ ਵੀ ਜਾਂ ਪਾਣੀ ਦੀ ਕਮੀ ਹੋਣ ਕਰਕੇ ਵੀ ਗੁਰਦਿਆਂ ਉੱਤੇ ਵੀ ਅਸਰ ਪੈ ਜਾਂਦਾ ਹੈ। ਇਸੇ ਕਰਕੇ ਉਹ ਵਾਰ ਵਾਰ ਮਰੀਜ਼ਾਂ ਨੂੰ ਅਪੀਲ ਕਰਦੇ ਹਨ ਕਿ ਆਰ ਓ ਵਾਲੇ ਪਾਣੀ ਦੀ ਵਰਤੋਂ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਮੌਸਮ ਅਨੁਸਾਰ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਬੱਚਿਆਂ ਦੇ ਮਾਹਿਰ ਡਾਕਟਰ ਅੰਜਲੀ ਬੰਸਲ ਨੇ ਕਿਹਾ ਕਿ ਧਰਤੀ ਹੇਠਲਾਂ ਪਾਣੀ ਜਾ ਸਪਲਾਈ ਵਾਲੇ ਪਾਣੀ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਇਨ੍ਹਾਂ ਚੀਜ਼ਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਆਉਣ ਵਾਲੇ ਮੌਸਮ ਵਿੱਚ ਪੀਣ ਵਾਲੇ ਪਾਣੀ ਤੋਂ ਡਾਇਰੀਆ ਤੇ ਪੀਲੀਆ ਵਰਗੀਆਂ ਸਮੱਸਿਆਵਾਂ ਫੈਲਣ ਦਾ ਖ਼ਤਰਾ ਹੁੰਦਾ ਹੈ।