ਰੂਪਨਗਰ: 29 ਸਤੰਬਰ ਐਤਵਾਰ ਤੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਲਗਾਤਰ ਸ਼ਾਂਤਮਈ ਰੋਸ ਧਰਨਾ ਦੇ ਰਹੇ ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੇ ਦੋ ਸਾਥੀ ਆਦਰਸ਼ ਅਬੋਹਰ ਅਤੇ ਅਨਮੋਲ ਬੱਲੂਆਣਾ ਸ਼ੁੱਕਰਵਾਰ ਦੀ ਰਾਤ ਨੂੰ ਪਿੰਡ ਢੇਰ ਵਿਖੇ ਸਥਿਤ ਪਾਣੀ ਦੀ ਟੈਂਕੀ ’ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹ ਗਏ ਹਨ।
'ਪੱਕਾ ਧਰਨਾ ਲਾਉਣ ਲਈ ਮਜ਼ਬੂਰ'
ਪੈਟਰੋਲ ਦੀ ਬੈਤਲ ਲੈ ਕੇ ਟੈਂਕੀ ’ਤੇ ਚੜ੍ਹੇ 5994 ਅਧਿਆਪਕ (ETV Bharat (ਪੱਤਰਕਾਰ, ਰੂਪਨਗਰ)) ਦੱਸ ਦੇਈਏ ਕਿ ਪਿਛਲੇ 6 ਦਿਨ੍ਹਾਂ ਤੋਂ ਪਿੰਡ ਗੰਭੀਰਪੁਰ ਵਿਖੇ ਧਰਨਾ ਲਗਾ ਕੇ ਰੋਸ ਕੀਤਾ ਗਿਆ ਸੀ ਪਰ ਕੋਈ ਵੀ ਸੁਣਵਾਈ ਨਹੀ ਹੋ ਰਹੀ। ਟੈੱਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਨੇੜੇ ਅੱਜ ਮੁੜ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਸੀ। ਕਿਹਾ ਗਿਆ ਹੈ ਕਿ ਜੇ ਉਨ੍ਹਾਂ ਨੂੰ ਸਕੂਲਾਂ ਵਿੱਚ ਜੁਆਇਨ ਨਹੀਂ ਕਰਵਾਇਆ ਜਾਂਦਾ ਤਾਂ ਉਹ ਪੱਕਾ ਧਰਨਾ ਲਾਉਣ ਲਈ ਮਜ਼ਬੂਰ ਹੋਣਗੇ।
'ਚੋਣ ਜਾਬਤਾ ਹੋਣ ਦਾ ਲੱਗਾਇਆ ਬਹਾਨਾ'
ਟੈਂਕੀ ’ਤੇ ਬੈਠੇ ਅਧਿਆਪਕਾਂ ਦਾ ਕਹਿਣਾ ਹੈ ਕਿ ਉਕਤ ਭਰਤੀ ਪਿਛਲੇ ਦੋ ਸਾਲਾਂ ਤੋਂ ਰੁਲ ਰਹੀ ਹੈ ਪਰ ਸਰਕਾਰ ਇਸ ਨੂੰ ਪੂਰਾ ਕਰਨ ਵੱਲ ਕੋਈ ਧਿਆਨ ਨਹੀ ਦੇ ਰਹੀ। ਜਿਸ ਕਾਰਨ ਉਮੀਦਵਾਰ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਜਦੋਂ ਸਾਰ ਪ੍ਰੋਸੈਸ ਕੰਪਲੀਟ ਹੋ ਚੁੱਕਾ ਹੈ ਤਾਂ ਵੀ ਸਟੇਸ਼ਨ ਚੋਣ ਦਾ ਪੋਰਟਲ ਖੋਲ੍ਹਣ ਲਈ ਆਏ ਦਿਨ ਚੋਣ ਜਾਬਤਾ ਲੱਗੇ ਹੋਣ ਦਾ ਬਹਾਨਾ ਬਣਾ ਕੇ ਡੰਗ ਟਪਾਇਆ ਜਾ ਰਿਹਾ ਹੈ।
ਬੈਕਲਾਗ ਵਾਲੇ ਸਾਥੀਆਂ ਦਾ ਪ੍ਰੋਸੈਸ ਆਰੰਭ
ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਤੋਂ ਜਲਦ ਸਟੇਸ਼ਨ ਚੋਣ ਦਾ ਪੋਰਟਲ ਖੋਲ੍ਹ ਕੇ ਸਟੇਸ਼ਨ ਚੋਣ ਨਾ ਕਰਵਾਈ ਅਤੇ ਸਕੂਲਾਂ ਵਿੱਚ ਜੁਆਇਨ ਨਾ ਕਰਵਾਇਆ ਤਾਂ ਉਹ ਆਪਣੇ ਆਪ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰ ਲੈਣਗੇ। ਜਿਸ ਦੀ ਜਿੰਮੇਵਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਹੈ ਕਿ ਪਹਿਲੀ ਲਿਸਟ ਵਿਚ ਚੁਣੇ ਗਏ 2468 ਉਮੀਦਵਾਰਾਂ ਨੂੰ ਜੁਆਇਨ ਕਰਵਾਇਆ ਜਾਵੇ, ਸਪੋਰਟਸ ਤੇ ਈਡਬਲਯੂਐਸ ਕੈਟੇਗਰੀ ਦੀ ਲਿਸਟ ਜਾਰੀ ਜਾਵੇ ਅਤੇ ਬੈਕਲਾਗ ਵਾਲੇ ਸਾਥੀਆਂ ਦਾ ਪ੍ਰੋਸੈਸ ਆਰੰਭ ਕੀਤਾ ਜਾਵੇ।