ਬਰਨਾਲਾ: ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਵਲੋਂ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵਿਸ਼ੇਸ਼ ਬੈਠਕ ਕੀਤੀ ਗਈ। ਜਿਸ ਦੌਰਾਨ ਉਹਨਾਂ ਸੰਬੋਧਿਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੌਲਰੈਂਸ ਪਾਲਿਸੀ ਅਪਣਾਈ ਗਈ ਹੈ ਅਤੇ ਜੇਕਰ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਕਿਸੇ ਵੀ ਪ੍ਰਕਾਰ ਦੇ ਭ੍ਰਿਸ਼ਟ ਤੌਰ ਤਰੀਕੇ ਅਪਣਾਉਂਦਾ ਹੈ ਤਾਂ ਉਸ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਭ੍ਰਿਸ਼ਟਾਚਾਰ ਵਿਰੁੱਧ ਪ੍ਰਤੀ ਜ਼ੀਰੋ ਟੌਲਰੈਂਸ ਪਾਲਿਸੀ (etv bharat (ਬਰਨਾਲਾ ਰਿਪੋਟਰ))
ਕੰਮਾਂ ਨੂੰ ਅਪਡੇਟ ਰੱਖਿਆ ਜਾਵੇ:ਉਨ੍ਹਾਂ ਕਿਹਾ ਕਿ ਆਪਣੇ ਕੰਮਾਂ ਲਈ ਸਰਕਾਰੀ ਦਫਤਰਾਂ 'ਚ ਆਉਣ ਵਾਲੇ ਲੋਕਾਂ ਨੂੰ ਤਨਦੇਹੀ ਨਾਲ ਸੁਣਿਆ ਜਾਵੇ ਅਤੇ ਉਨ੍ਹਾਂ ਦੀਆਂ ਸੱਮਸਿਆਵਾਂ ਨੂੰ ਪਹਿਲ ਦੇ ਤੌਰ 'ਤੇ ਹੱਲ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਸਖ਼ਤ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਹਰ ਇੱਕ ਅਧਿਕਾਰੀ ਅਤੇ ਕਰਮਚਾਰੀ ਸਮੇਂ ਸਿਰ ਦਫ਼ਤਰਾਂ 'ਚ ਪੁੱਜਣ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਭਾਗ ਦੀ ਅਚਨਚੇਤ ਚੈਕਿੰਗ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਇਸ ਕਾਰਨ ਹਰ ਪ੍ਰਕਾਰ ਦੇ ਦਸਤਾਵੇਜ਼, ਫਾਈਲਾਂ ਅਤੇ ਹੋਰ ਕੰਮਾਂ ਨੂੰ ਅਪਡੇਟ ਰੱਖਿਆ ਜਾਵੇ।
ਸਰਕਾਰੀ ਸ਼ਿਕਾਇਤ ਨਿਵਾਰਣ ਪ੍ਰਣਾਲੀ:ਡਿਪਟੀ ਕਮਿਸ਼ਨਰ ਨੇ ਅਧੀਕਾਰੀਆਂ ਨੂੰ ਕਿਹਾ ਪੰਜਾਬ ਸਰਕਾਰ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਅਧਾਰ 'ਤੇ ਕਰਨ ਲਈ ਵਚਨਬੱਧ ਹੈ, ਇਸ ਲਈ ਕਿਸੇ ਵੀ ਕਿਸਮ ਦੀ ਆਉਣ ਵਾਲੀ ਸ਼ਿਕਾਇਤ ਨੂੰ ਆਮ ਨਾ ਸਮਝਿਆ ਜਾਵੇ, ਬਲਕਿ ਪੂਰੀ ਗੰਭੀਰਤਾ ਨਾਲ ਲਿਆ ਜਾਵੇ। ਇਸਦੇ ਨਾਲ ਹੀ ਆਨਲਾਈਨ ਪੋਰਟਲ ਈ ਸੇਵਾ 'ਤੇ ਆਉਣ ਵਾਲੀਆਂ ਸ਼ਿਕਾਇਤਾਂ 'ਤੇ ਵੀ ਤਿੱਖੀ ਨਜ਼ਰ ਰੱਖੀ ਜਾਵੇ। ਨਾਲ ਹੀ ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਸਰਕਾਰੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਤਹਿਤ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਨਿਵਾਰਨ ਮਿੱਥੇ ਸਮੇਂ 'ਚ ਕੀਤਾ ਜਾਵੇ ਤਾਂ ਜੋ ਆਮ ਜਨਤਾ ਨੂੰ ਕਿਸੇ ਵੀ ਕੰਮ ਲਈ ਖੱਜਲ ਖੁਆਰ ਨਾ ਹੋਣਾ ਪਵੇ।
ਮਾਲ ਵਿਭਾਗ ਨੂੰ ਹਦਾਇਤ:ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਤਹਿਤ ਹਰ ਇੱਕ ਹਫਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ 'ਚ ਕੈਂਪ ਰੱਖੇ ਜਾਣਗੇ ਤਾਂ ਜੋ ਲੋਕਾਂ ਨੂੰ ਉਨ੍ਹਾਂ ਸਰਕਾਰੀ ਸਕੀਮਾਂ ਦਾ ਲਾਹਾ ਉਨ੍ਹਾਂ ਦੇ ਘਰ ਦੇ ਨੇੜੇ ਹੀ ਦਿੱਤਾ ਜਾ ਸਕੇ। ਮਾਲ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਉਨ੍ਹਾਂ ਕੋਲ ਲੰਬਿਤ ਇੰਤਕਾਲ, ਸਰਵੇ ਆਦਿ ਛੇਤੀ ਤੋਂ ਛੇਤੀ ਪੂਰੇ ਕਰਕੇ ਆਪਣੇ ਆਪਣੇ ਅਧਿਕਾਰੀਆਂ ਕੋਲ ਜਮ੍ਹਾਂ ਕਰਵਾਏ ਜਾਣ ਤਾਂ ਜੋ ਇਸ ਸਬੰਧੀ ਕਾਰਵਾਈਆਂ ਅੱਗੇ ਭੇਜੀਆਂ ਜਾ ਸਕਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਮਨਜੀਤ ਸਿੰਘ ਚੀਮਾ, ਉੱਪ ਮੰਡਲ ਮੈਜਿਸਟ੍ਰੇਟ ਬਰਨਾਲਾ ਵਰਿੰਦਰ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਮੁਖੀ ਅਤੇ ਕਰਮਚਾਰੀ ਮੌਜੂਦ ਸਨ।