ਇਮੀਗ੍ਰੇਸ਼ਨ ਏਜੰਟ ਵਿਰੁੱਧ ਸੰਘਰਸ਼ (Etv Bharat Barnala) ਬਰਨਾਲਾ:ਬਰਨਾਲਾ ਵਿੱਚ ਕਿਸਾਨ ਯੂਨੀਅਨ ਅਤੇ ਵਪਾਰੀਆਂ ਦਰਮਿਆਨ ਵਿਵਾਦ ਜਾਰੀ ਹੈ। ਅੱਜ ਕਿਸਾਨ ਯੂਨੀਅਨ ਦੀ ਧੱਕੇਸ਼ਾਹੀ ਦੇ ਵਿਰੋਧ ਵਿੱਚ ਵਪਾਰੀਆਂ ਵੱਲੋਂ ਬਰਨਾਲਾ ਦਾ ਬਾਜ਼ਾਰ ਬੰਦ ਰੱਖਿਆ ਗਿਆ। ਉੱਥੇ ਦੂਜੇ ਪਾਸੇ ਕਿਸਾਨ ਯੂਨੀਅਨ ਵੱਲੋਂ ਵੀ ਦਾਣਾ ਮੰਡੀ ਵਿੱਚ ਵੱਡਾ ਇਕੱਠ ਕਰਕੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਬੀਕੇਯੂ ਡਕੌਂਦਾ ਬੁਰਜ਼ ਗਿੱਲ ਗਰੁੱਪ ਦੇ ਆਗੂਆਂ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਇਮੀਗ੍ਰੇਸ਼ਨ ਵਪਾਰੀ ਵਿਰੁੱਧ ਸੰਘਰਸ਼ ਜਾਰੀ ਰਹੇਗਾ।
ਇਨਸਾਫ਼ ਦੀ ਥਾਂ ਪੀੜਤ ਪਰਿਵਾਰ ਨਾਲ ਧੱਕਾ: ਇਸ ਮੌਕੇ ਜੱਥੇਬੰਦੀ ਆਗੂ ਜਗਸੀਰ ਸਿੰਘ ਸੀਰਾ ਨੇ ਕਿਹਾ ਕਿ ਕਿਸਾਨ ਜੱਥੇਬੰਦੀ ਖ਼ੁਦ ਇੱਕ ਅੱਗਰਵਾਲ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਸੰਘਰਸ਼ ਕਰ ਰਹੀ ਹੈ। ਪਰ ਕੁੱਝ ਲੋਕਾਂ ਵੱਲੋਂ ਇਸ ਸੰਘਰਸ਼ ਨੂੰ ਵਪਾਰੀਆਂ ਵਿਰੁੱਧ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਉਪਰ ਬਾਜ਼ਾਰ ਬੰਦ ਕਰਨਾ ਬਹੁਤ ਗਲਤ ਹੈ। ਪੀੜਤ ਪਰਿਵਾਰ ਨਾਲ ਧੱਕਾ ਹੋ ਰਿਹਾ ਹੈ। ਉਨ੍ਹਾਂ ਦੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋਈ। ਜਿਸ ਤੋਂ ਬਾਅਦ ਕਿਸਾਨ ਜੱਥੇਬੰਦੀ ਨੇ ਸੰਘਰਸ਼ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਵਪਾਰੀ ਵੱਲੋਂ ਪੀੜਤ ਪਰਿਵਾਰ ਦੇ ਨੌਜਵਾਨ ਲੜਕੇ ਨੂੰ ਲਿਖਤੀ ਐਗਰੀਮੈਂਟ ਰਾਹੀਂ ਇਗਲੈਂਡ ਭੇਜਿਆ ਗਿਆ ਸੀ। ਪਰ ਉੱਥੇ ਜਾ ਕੇ ਨੌਜਵਾਨ ਨੂੰ ਕੋਈ ਰੁਜ਼ਗਾਰ ਨਹੀਂ ਦਵਾਇਆ ਗਿਆ। ਸ਼ਹਿਰ ਦੇ ਵਪਾਰ ਮੰਡਲ ਵਾਲੇ ਪੀੜਤ ਪਰਿਵਾਰ ਨੂੰ ਇਨਸਾਫ਼ ਦੀ ਥਾਂ ਪੀੜਤ ਪਰਿਵਾਰ ਨਾਲ ਧੱਕਾ ਕਰ ਰਹੇ ਹਨ।
ਇਮੀਗ੍ਰੇਸ਼ਨ ਵਪਾਰੀ ਕੋਲ ਕੋਈ ਲਾਇਸੰਸ ਵੀ ਨਹੀਂ: ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਇਮੀਗ੍ਰੇਸ਼ਨ ਕੰਪਨੀ ਵਿਰੁੱਧ ਹੈ ਨਾ ਕਿ ਕਿਸੇ ਵਪਾਰੀ ਵਿਰੁੱਧ ਹੈ। ਉਕਤ ਇਮੀਗ੍ਰੇਸ਼ਨ ਵਪਾਰੀ ਕੋਲ ਕੋਈ ਲਾਇਸੰਸ ਵੀ ਨਹੀਂ ਹੈ। ਉਕਤ ਵਪਾਰੀਆਂ ਵੱਲੋਂ ਲਗਾਏ ਇਲਜ਼ਾਮਾਂ ਸਬੰਧੀ ਕਿਹਾ ਕਿ ਸਾਡੀ ਜੱਥੇਬੰਦੀ ਸਿਰਫ ਪੀੜਤ ਲੋਕਾਂ ਦੀ ਮੱਦਦ ਕਰ ਰਹੀ ਹੈ। ਜਦੋਂਕਿ ਪੈਸਿਆਂ ਦੇ ਇਲਜ਼ਾਮ ਸਰਾਸਰ ਗਲਤ ਹਨ। ਜੇਕਰ ਕੋਈ ਇਹ ਇਲਜ਼ਾਮ ਸਾਬਤ ਕਰ ਦੇਵੇ ਤਾਂ ਜਾਨ ਦੇ ਦੇਵਾਂਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੇ ਸਾਨੂੰ ਇਨਸਾਫ਼ ਦਾ ਭਰੋਸਾ ਦਵਾਇਆ ਹੈ। ਸਾਡੀ ਮੰਗ ਹੈ ਕਿ ਉਕਤ ਇਮੀਗ੍ਰੇਸ਼ਨ ਕੰਪਨੀ ਮਾਲਕ ਵਿਰੁੱਧ ਠੱਗੀ ਦਾ ਪਰਚਾ ਦਰਜ਼ ਕਰਕੇ ਜੇਲ੍ਹ ਭੇਜਿਆ ਜਾਵੇ।
ਇਨਸਾਫ਼ ਦਵਾਉਣ ਲਈ ਸੰਘਰਸ਼ ਸ਼ੁਰੂ: ਉੱਥੇ ਇਸ ਸਬੰਧੀ ਵਿਦੇਸ਼ ਗਏ ਨੌਜਵਾਨ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੂੰ ਵਰਕ ਪਰਮਿਟ ਉਪਰ ਇੰਗਲੈਂਡ ਭੇਜਿਆ ਸੀ। ਜਿਸ ਲਈ ਸਾਢੇ 22 ਲੱਖ ਰੁਪਏ ਉਨ੍ਹਾਂ ਨੇ ਇਮੀਗ੍ਰੇਸ਼ਨ ਏਜੰਟ ਨੂੰ ਦਿੱਤੇ। ਜਦੋਂਕਿ ਜਿਸ ਕੰਪਨੀ ਰਾਹੀਂ ਵਿਦੇਸ਼ ਭੇਜਿਆ, ਉਹ ਕੰਪਨੀ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਨੂੰ ਕੋਈ ਕੰਮ ਨਹੀਂ ਮਿਲਿਆ, ਉਸਨੂੰ ਮਹੀਨੇ ਦਾ ਖ਼ਰਚਾ 50-50 ਹਜ਼ਾਰ ਭੇਜ ਰਹੇ ਹਾਂ। ਇਮੀਗ੍ਰੇਸ਼ਨ ਏਜੰਟ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਜਿਸ ਤੋਂ ਬਾਅਦ ਕਿਸਾਨ ਯੂਨੀਅਨ ਨੇ ਸਾਡੀ ਗੱਲ ਸੁਣੀ ਅਤੇ ਸਾਨੂੰ ਇਨਸਾਫ਼ ਦਵਾਉਣ ਲਈ ਸੰਘਰਸ਼ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਮੀਗ੍ਰੇਸ਼ਨ ਏਜੰਟ ਸਾਡੇ ਰੁਪਏ ਵਾਪਸ ਕਰ ਦੇਵੇ। ਅਸੀਂ ਆਪਣੇ ਪੁੱਤਰ ਨੂੰ ਵਾਪਸ ਪਿੰਡ ਬੁਲਾ ਲਵਾਂਗੇ।