ਪੰਜਾਬ

punjab

ETV Bharat / state

ਰਾਏਕੋਟ ਦੇ ਪਿੰਡ ਅਕਾਲਗੜ੍ਹ ਕਲਾਂ ਦਾ ਫੌਜੀ ਜਵਾਨ ਰਜੌਰੀ ’ਚ ਗੋਲੀ ਲੱਗਣ ਕਾਰਨ ਸ਼ਹੀਦ, ਕੀਤਾ ਗਿਆ ਸਸਕਾਰ - Army jawan of Akalgarh klaan

ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਰਾਜੌਰੀ 'ਚ ਕੰਟਰੋਲ ਰੇਖਾ ’ਤੇ ਰਾਏਕੋਟ ਅਧੀਨ ਪੈਂਦੇ ਪਿੰਡ ਅਕਾਲਗੜ੍ਹ ਕਲਾਂ ਦਾ 29 ਸਾਲਾਂ ਫੌਜੀ ਜਵਾਨ ਬਲਵੀਰ ਸਿੰਘ ਅਚਾਨਕ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ।

ਫੌਜੀ ਜਵਾਨ ਸ਼ਹੀਦ
ਫੌਜੀ ਜਵਾਨ ਸ਼ਹੀਦ

By ETV Bharat Punjabi Team

Published : Mar 6, 2024, 9:15 AM IST

ਰਾਏਕੋਟ ਦੇ ਪਿੰਡ ਅਕਾਲਗੜ੍ਹ ਕਲਾਂ ਦਾ ਫੌਜੀ ਜਵਾਨ ਰਜੌਰੀ ’ਚ ਗੋਲੀ ਲੱਗਣ ਕਾਰਨ ਸ਼ਹੀਦ

ਖੰਨਾ:ਰਾਏਕੋਟ ਅਧੀਨ ਪੈਂਦੇ ਕਸਬਾ ਗੁਰੂਸਰ ਸੁਧਾਰ ਲਾਗਲੇ ਪਿੰਡ ਅਕਾਲਗੜ੍ਹ ਕਲਾਂ ਦੇ 29 ਸਾਲਾਂ ਫੌਜੀ ਜਵਾਨ ਬਲਵੀਰ ਸਿੰਘ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਕੰਟਰੋਲ ਰੇਖਾ ’ਤੇ ਅਚਾਨਕ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ। ਜਿਸ ਦੀ ਮ੍ਰਿਤਕ ਦੇਹ ਬਾਅਦ ਦੁਪਿਹਰ ਜੱਦੀ ਪਿੰਡ ਪੁੱਜਣ ’ਤੇ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਬਲਬੀਰ ਸਿੰਘ ਦਾ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਜਿਸ ਦੌਰਾਨ ਪਰਿਵਾਰਕ ਮੈਂਬਰਾਂ, ਰਿਸਤੇਦਾਰਾਂ, ਸ਼ਹੀਦ ਦੀ ਬਟਾਲੀਅਨ ਦੇ ਫੌਜੀ ਜਵਾਨਾਂ ਅਤੇ ਸੈਂਕੜਿਆਂ ਦੀ ਗਿਣਤੀ ’ਚ ਇਕੱਤਰ ਹੋਏ ਇਲਾਕਾ ਵਾਸੀਆਂ ਨੇ ਸ਼ਹੀਦ ਬਲਬੀਰ ਸਿੰਘ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਅਤੇ ‘ਸ਼ਹੀਦ ਬਲਵੀਰ ਸਿੰਘ ਅਮਰ ਰਹੇ’ ਦੇ ਨਾਅਰੇ ਲਾਏ।

ਅਗਲੇ ਹਫ਼ਤੇ ਆਉਣਾ ਸੀ ਛੁੱਟੀ:ਉਥੇ ਮਾਪਿਆਂ ਦੇ ਇਕਲੌਤੇ ਪੁੱਤ ਸ਼ਹੀਦ ਬਲਵੀਰ ਸਿੰਘ ਦੀ ਮ੍ਰਿਤਕ ਦੇਹ ਪੁੱਜਣ ’ਤੇ ਸ਼ਹੀਦ ਦੀ ਮਾਤਾ ਸਵਰਨਜੀਤ ਕੌਰ ਅਤੇ ਭੈਣ ਜਸਵਿੰਦਰ ਕੌਰ ਦਾ ਵਿਰਲਾਪ ਦੇਖ ਕੇ ਹਰ ਅੱਖ ’ਚੋਂ ਆਪ ਮੁਹਾਰੇ ਅੱਥਰੂ ਵਹਿ ਤੁਰੇ। ਇਸ ਮੌਕੇ ਪੁੱਤ ਦੀ ਸ਼ਹਾਦਤ ’ਤੇ ਮਾਣ ਕਰਦਿਆਂ ਏਅਰ ਫੋਰਸ ’ਚੋਂ ਸੇਵਾ ਮੁਕਤ ਪਿਤਾ ਪ੍ਰੀਤਮ ਸਿੰਘ ਨੇ ਨਮ ਅੱਖਾਂ ਨਾਲ ਸਲੂਟ ਮਾਰ ਕੇ ਸ਼ਹੀਦ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆਂ ਸ਼ਹੀਦ ਦੀ ਮਾਂ ਨੇ ਦੱਸਿਆ ਕਿ ਉਸ ਦੀ ਤਿੰਨ ਦਿਨ ਪਹਿਲਾਂ ਹੀ ਪੁੱਤ ਨਾਲ ਗੱਲ ਹੋਈ ਸੀ। ਜਿਸ 'ਚ ਸ਼ਹੀਦ ਬਲਵੀਰ ਸਿੰਘ ਨੇ ਦੱਸਿਆ ਸੀ ਕਿ ਉਹ ਅਗਲੇ ਹਫ਼ਤੇ ਛੁੱਟੀ ਆਵੇਗਾ ਪਰ ਉਸ ਤੋਂ ਪਹਿਲਾਂ ਹੀ ਇਹ ਵਾਪਰ ਗਿਆ।

ਸਰਕਾਰੀ ਸਨਮਾਨਾਂ ਨਾਲ ਸਸਕਾਰ:ਇਸ ਮੌਕੇ ਸ਼ਹੀਦ ਬਲਵੀਰ ਸਿੰਘ ਦੀ ਦੇਹ ਨੂੰ 3 ਸਿੱਖ ਲਾਈਟ ਇਨਫੈਂਟਰੀ ਦੇ ਸੂਬੇਦਾਰ ਗੁਰਦੀਪ ਸਿੰਘ ਦੀ ਅਗਵਾਈ ’ਚ ਆਈ ਸੈਨਿਕ ਟੁਕੜੀ ਨੇ ਸਲਾਮੀ ਦਿੱਤੀ। ਕਾਬਿਲੇਗੌਰ ਹੈ ਕਿ 29 ਸਾਲਾ ਸ਼ਹੀਦ ਬਲਵੀਰ ਸਿੰਘ ਅਜੇ ਕੁਆਰਾ ਹੀ ਸੀ ਅਤੇ 10 ਸਾਲ ਪਹਿਲਾਂ ਹੀ ਫੌਜ ਵਿਚ ਭਰਤੀ ਹੋਇਆ ਸੀ, ਜਿਸ ਨੇ ਤਿੰਨ ਦਿਨ ਪਹਿਲਾਂ ਆਪਣੀ ਮਾਂ ਨਾਲ ਫੋਨ ’ਤੇ ਗੱਲ ਕਰਕੇ ਅਗਲੇ ਹਫਤੇ ਛੁੱਟੀ ਆਉਣ ਬਾਰੇ ਆਖਿਆ ਸੀ।

ABOUT THE AUTHOR

...view details