GURUDWARA ALAMGIR LUDHIANA (ETV Bharat) ਲੁਧਿਆਣਾ: ਪੰਜਾਬ ਵਿੱਚ ਅੰਦਰ ਆਏ ਦਿਨ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਈ ਘਟਨਾਵਾਂ ਤਾਂ ਅਜਿਹੀਆਂ ਹੁੰਦੀਆਂ ਹਨ, ਜਿਸ ਨੂੰ ਸੁਣਨ-ਪੜ੍ਹਨ ਤੋਂ ਬਾਅਦ ਕੋਈ ਸਹਿਜ ਨਹੀਂ ਰਹਿ ਪਾਉਂਦਾ ਹੈ। ਇਸੇ ਤਰ੍ਹਾਂ ਹੁਣ ਤਾਜ਼ਾ ਮਾਮਲਾ ਪੰਜਾਬ ਦੇ ਜ਼ਿਲ੍ਹਾਂ ਲੁਧਿਆਣਾ ਦਾ ਹੈ, ਜਿੱਥੇ ਗੁਰਦੁਆਰਾ ਆਲਮਗੀਰ ਸਾਹਿਬ ਵਿੱਚ ਇੱਕ ਵਿਅਕਤੀ ਲੰਗਰ ਹਾਲ ਵਿੱਚ ਮੀਟ ਲੈ ਕੇ ਜਾਂਦਾ ਪਾਇਆ ਗਿਆ।
23 ਤਰੀਕ ਨੂੰ ਰਾਤ ਸਾਢੇ 9 ਵਜੇ ਵਾਪਰੀ ਘਟਨਾ: ਇਸ ਸੰਬੰਧੀ ਗੁਰਦੁਆਰਾ ਆਲਮਗੀਰ ਸਾਹਿਬ ਲੁਧਿਆਣਾ ਵਿਖੇ ਸ਼੍ਰੋਮਣੀ ਕਮੇਟੀ ਮੈਂਬਰਾਂ ਸਮੇਤ ਪ੍ਰਬੰਧਕ ਕਮੇਟੀ ਨੇ ਪ੍ਰੈੱਸ ਕਾਨਫਰੰਸ ਕੀਤੀ, ਜਿਸ 'ਚ ਉਨ੍ਹਾਂ ਦੱਸਿਆ ਕਿ 23 ਤਰੀਕ ਨੂੰ ਰਾਤ ਸਾਢੇ 9 ਵਜੇ ਦੇ ਕਰੀਬ ਇੱਕ ਵਿਅਕਤੀ ਲੰਗਰ ਹਾਲ 'ਚ ਆਇਆ ਅਤੇ ਦੱਸਿਆ ਕਿ ਉਸ ਨੇ ਮਰੀਜ਼ ਲਈ ਖਾਣਾ ਲੈ ਕੇ ਹਸਪਤਾਲ ਜਾਣਾ ਸੀ ਪਰ ਉਹ ਜਾ ਨਹੀਂ ਸਕਿਆ। ਉਹ ਇਹ ਲੰਗਰ ਗੁਰੂ ਘਰ ਦੇ ਲੰਗਰ ਵਿੱਚ ਰਲਾਉਣਾ ਚਾਹੁੰਦਾ ਹੈ।
ਮੁਲਜ਼ਮ ਨੂੰ ਮੌਕੇ 'ਤੇ ਭੇਜਿਆ ਥਾਣੇ: ਜਦੋਂ ਹੀ ਸੇਵਾਦਾਰ ਬਾਲਟੀ ਲੈ ਕੇ ਉਸ ਕੋਲ ਪਹੁੰਚੇ ਤਾਂ ਉਕਤ ਵਿਅਕਤੀ ਨੇ ਡੋਲੂ ਸੇਵਾਦਾਰ ਨੂੰ ਦੇ ਦਿੱਤਾ। ਜਦੋਂ ਸੇਵਾਦਾਰ ਵੱਲੋਂ ਡੋਲੂ ਖੋਲ੍ਹ ਕੇ ਉਸ ਵੱਲੋਂ ਦਿੱਤੀ ਸਬਜ਼ੀ ਬਾਲਟੀ ਵਿੱਚ ਪਾਈ ਤਾਂ ਪਤਾ ਲੱਗਿਆ ਕਿ ਇਹ ਮੀਟ ਸੀ। ਜਿਸ 'ਤੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁਲਿਸ ਨੂੰ ਮੌਕੇ 'ਤੇ ਬੁਲਾ ਕੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਥਾਣੇ ਭੇਜ ਦਿੱਤਾ ਗਿਆ ਹੈ।
ਆਖ਼ਿਰ ਅਜਿਹੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ?:ਇਸ ਸੰਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਜਗਬੀਰ ਸਿੰਘ ਸੋਖੀ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਅਤੇ ਚਰਨ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਸ਼ਰਾਰਤੀ ਅਨਸਰਾਂ ਦਾ ਹੱਥ ਹੋ ਸਕਦਾ ਹੈ, ਜਦਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸਰਕਾਰ ਤੋਂ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬੇਸ਼ੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਪ੍ਰਬੰਧਕ ਕਮੇਟੀ ਇਸ ਗੱਲ ਨੂੰ ਲੈ ਕੇ ਗੰਭੀਰ ਹੈ ਕਿ ਅਜਿਹੀ ਘਟਨਾ ਕਿਉਂ ਵਾਪਰੀ।