ਹਿੰਦੂ ਸੰਗਠਨਾਂ ਦੀ ਮੀਟਿੰਗ (ETV BHARAT) ਲੁਧਿਆਣਾ:ਲੁਧਿਆਣਾ ਵਿੱਚ ਅੱਜ ਹਿੰਦੂ ਸੰਗਠਨਾਂ ਵੱਲੋਂ ਇੱਕ ਵੱਡੀ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਵਿੱਚ ਕਈ ਵੱਡੇ ਫੈਸਲੇ ਲੈ ਗਏ ਹਨ। ਖਾਸ ਤੌਰ 'ਤੇ ਪੰਜਾਬ ਸਰਕਾਰ ਤੋਂ ਹਿੰਦੂਆਂ ਦੀ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਇਸ ਮੌਕੇ 'ਤੇ ਵੱਡੀ ਗਿਣਤੀ ਵਿੱਚ ਵੱਖ-ਵੱਖ ਹਿੰਦੂ ਧਾਰਮਿਕ ਜਥੇਬੰਦੀਆਂ ਦੇ ਆਗੂ ਇਕੱਠੇ ਹੋਏ ਸਨ।
ਹਿੰਦੂ ਸੰਗਠਨਾਂ ਵਲੋਂ ਕੀਤੀ ਗਈ ਮੀਟਿੰਗ:ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਹਿੰਦੂ ਸੁਰੱਖਿਅਤ ਨਹੀਂ ਹਨ। ਉਹਨਾਂ ਨੇ ਕਿਹਾ ਕਿ ਵਾਰ-ਵਾਰ ਹਿੰਦੂ ਆਗੂਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ। ਜੇਕਰ ਕੋਈ ਹਿੰਦੂ ਸਮਾਜ ਗਲਤ ਟਿੱਪਣੀ ਕਰਦਾ ਹੈ ਤਾਂ ਕਾਨੂੰਨ ਵੀ ਉਸ ਉਪਰ ਪੂਰੀ ਕਾਰਵਾਈ ਨਹੀਂ ਕਰਦਾ। ਉਹਨਾਂ ਨੇ ਕਿਹਾ ਕਿ ਹਿੰਦੂ ਸ਼ਕਤੀ ਨੂੰ ਜਗਾਉਣ ਲਈ ਅਤੇ ਹਿੰਦੂਆਂ ਨੂੰ ਜਾਗਰੂਕ ਕਰਨ ਲਈ ਜਲਦ ਹੀ ਪੂਰੇ ਪੰਜਾਬ ਭਰ ਵਿੱਚ ਜਾਗੋ ਕੱਢੀ ਜਾਵੇਗੀ। ਇਹ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਕੀਤੀ ਜਾਵੇਗੀ।
ਕਿਰਪਾਨ ਵਾਂਗ ਤ੍ਰਿਸ਼ੂਲ ਰੱਖਣ ਦੀ ਮੰਗ: ਸ਼ਿਵ ਸੈਨਾ ਦੇ ਆਗੂਆਂ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਸਿੱਖ ਧਰਮ ਵਿੱਚ ਸ੍ਰੀ ਸਾਹਿਬ ਰੱਖਣ ਦੀ ਇਜਾਜ਼ਤ ਹੈ, ਉਸ ਤਰਾਂ ਹੀ ਹਿੰਦੂ ਸਮਾਜ ਦੀ ਗੱਲ ਕਰਨ ਵਾਲੇ ਅਤੇ ਹਿੰਦੂ ਧਰਮ ਦਾ ਪ੍ਰਚਾਰ ਕਰਨ ਵਾਲੇ ਆਗੂਆਂ ਨੂੰ ਸਾਡੇ ਧਾਰਮਿਕ ਚਿੰਨ ਤ੍ਰਿਸ਼ੂਲ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ। ਜਿਵੇਂ ਸਿੱਖ ਕਿਤੇ ਵੀ ਕਿਰਪਾਨ ਲੈ ਕੇ ਜਾ ਸਕਦੇ ਹਨ, ਉਸੇ ਤਰ੍ਹਾਂ ਹਿੰਦੂ ਆਗੂ ਤ੍ਰਿਸ਼ੂਲ ਲੈ ਕੇ ਕਿਤੇ ਵੀ ਜਾ ਸਕਣ। ਉਹਨਾਂ ਨੇ ਕਿਹਾ ਕਿ ਸਰਕਾਰ ਹਿੰਦੂ ਸੰਗਠਨ ਤਿਆਰ ਕਰੇ ਤੇ ਉਹਨਾਂ ਦੇ ਇੱਕ ਬੋਰਡ ਦਾ ਗਠਨ ਕੀਤਾ ਜਾਵੇ। ਜਿਸ ਦੇ ਵਿੱਚ ਉਨ੍ਹਾਂ ਦੇ ਆਪਣੇ ਮੈਂਬਰ ਹੋਣ ਅਤੇ ਜੇਕਰ ਕੋਈ ਵੀ ਗੱਲ ਹੁੰਦੀ ਹੈ ਤਾਂ ਉਹ ਪ੍ਰਸ਼ਾਸਨ ਜਾਂ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਲਈ ਉਸ ਬੋਰਡ ਦੇ ਮੈਂਬਰ ਅੱਗੇ ਆ ਸਕਣ।
ਸੰਦੀਪ ਥਾਪਰ ਨੂੰ ਨਹੀਂ ਮਿਲਿਆ ਇਨਸਾਫ਼:ਸ਼ਿਵ ਸੈਨਾ ਦੇ ਆਗੂ ਨੇ ਕਿਹਾ ਕਿ ਸੰਦੀਪ ਗੋਰਾ ਥਾਪਰ ਨੂੰ ਵੀ ਇਨਸਾਫ ਨਹੀਂ ਮਿਲਿਆ, ਤੀਜਾ ਮੁਲਜ਼ਮ ਅਜੇ ਵੀ ਫਰਾਰ ਹੈ। ਉਹਨਾਂ ਕਿਹਾ ਕਿ ਦੋ ਮੁਲਜ਼ਮਾਂ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ ਉਹ ਨਸ਼ੇ ਦੇ ਆਦੀ ਹਨ। ਜੇਕਰ ਉਹ ਨਸ਼ੇ ਦੇ ਆਦੀ ਹਨ ਤਾਂ ਉਹਨਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ 'ਤੇ ਹਮਲਾ ਕਿਉਂ ਨਹੀਂ ਕੀਤਾ। ਸ਼ਿਵ ਸੈਨਾ ਦੇ ਆਗੂ ਨੇ ਕਿਹਾ ਕਿ ਕੋਈ ਇੱਕ ਨਹੀਂ ਸਗੋਂ ਪਿਛਲੇ ਸੱਤ ਅੱਠ ਸਾਲ ਦੇ ਵਿੱਚ ਕਈ ਹਿੰਦੂ ਆਗੂਆਂ ਦਾ ਕਤਲ ਕੀਤਾ ਜਾ ਚੁੱਕਾ ਹੈ। ਇਸ ਦੇ ਬਾਵਜੂਦ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਹੈ। ਇਸੇ ਕਰਕੇ ਅੱਜ ਅਸੀਂ ਇੱਕਜੁੱਟ ਹੋਣ ਲਈ ਇੱਕ ਵੱਡੀ ਬੈਠਕ ਸੱਦੀ ਹੈ, ਜਿਸ ਵਿੱਚ ਪੰਜਾਬ ਭਰ ਦੇ ਸਾਰੇ ਹੀ ਹਿੰਦੂ ਸੰਗਠਨ ਦੇ ਆਗੂ ਇਕੱਠੇ ਹੋਏ ਹਨ।