ਪੰਜਾਬ

punjab

ETV Bharat / state

ਬਿਆਸ ਦਰਿਆ ਕੰਢੇ ਮਾਝੇ ਦੇ ਕਿਸਾਨਾਂ ਨੇ ਕੀਤੀ ਇਕੱਤਰਤਾ,ਸੈਂਕੜੇ ਟਰੈਕਟਰ ਟਰਾਲੀਆਂ ਨਾਲ ਤੜਕੇ ਸ਼ੰਭੂ ਬਾਰਡਰ ਲਈ ਹੋਣਗੇ ਰਵਾਨਾ - SHAMBHU BORDER

ਕਿਸਾਨ ਟਰੈਕਟਰ ਟਰਾਲੀਆਂ ਸਮੇਤ ਤੜਕਸਾਰ ਸ਼ੰਭੂ ਬਾਰਡਰ ਦੇ ਲਈ ਰਵਾਨਾ ਹੋਣਗੇ। ਬਿਆਸ ਦਰਿਆ ਕੰਢੇ ਇਸ ਵਿਊਂਤਬੰਦੀ ਲਈ ਕਿਸਾਨ ਇਕੱਠੇ ਹੋਏ ਸਨ।

Farmers protest
ਸ਼ੰਭੂ ਬਾਰਡਰ ਲਈ ਰਵਾਨਾ (ETV Bharat)

By ETV Bharat Punjabi Team

Published : Jan 29, 2025, 6:13 PM IST

ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਅੰਮ੍ਰਿਤਸਰ ਦਿੱਲੀ ਮੁੱਖ ਰਾਜ ਮਾਰਗ ਅਤੇ ਬਿਆਸ ਦਰਿਆ ਨੇੜੇ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਇਕੱਤਰ ਹੋਣੀਆਂ ਸ਼ੁਰੂ ਹੋ ਗਈਆਂ ਹਨ। ਜਿੱਥੇ ਅੱਜ ਦੇਰ ਰਾਤ ਤੱਕ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਇਕੱਤਰ ਹੋਣਗੀਆਂ ਅਤੇ ਬਾਅਦ ਵਿੱਚ ਤੜਕਸਾਰ ਕਿਸਾਨ ਇੱਥੋਂ ਸ਼ੰਭੂ ਬਾਰਡਰ ਦੇ ਲਈ ਰਵਾਨਾ ਹੋਣਗੇ।

ਕਿਸਾਨ ਆਗੂ (ETV Bharat)

250 ਤੋਂ 300 ਟਰਾਲੀਆਂ ਦਾ ਕਾਫਲਾ


ਇਸ ਦੌਰਾਨ ਗੱਲਬਾਤ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ 20 ਜ਼ੋਨਾਂ ਦੇ ਕਿਸਾਨ ਅੱਜ ਬਿਆਸ ਦਰਿਆ ਨੇੜੇ ਇਕੱਤਰ ਹੋ ਰਹੇ ਹਨ। ਉਹਨਾਂ ਦੱਸਿਆ ਕਿ ਦੇਰ ਰਾਤ ਤੱਕ ਕਰੀਬ 250 ਤੋਂ 300 ਟਰਾਲੀਆਂ ਦਾ ਕਾਫਲਾ ਇੱਥੇ ਇਕੱਠਾ ਹੋਵੇਗਾ ਅਤੇ ਤੜਕਸਾਰ ਉਹ ਕਾਫਲੇ ਦੇ ਰੂਪ ਵਿੱਚ ਇੱਥੋਂ ਰਵਾਨਾ ਹੋਣਗੇ। ਉਹਨਾਂ ਦੱਸਿਆ ਕਿ ਇਹ ਕਾਫਲਾ ਆਪਣੇ ਨਾਲ ਮੋਰਚਾ ਜਾਰੀ ਰੱਖਣ ਲਈ ਜ਼ਰੂਰੀ ਹਰ ਵਸਤੂ ਨੂੰ ਲੈਕੇ ਜਾ ਰਿਹਾ ਹੈ। ਜਿਸ ਦੇ ਵਿੱਚ ਖਾਸ ਕਰ ਲੋੜੀਂਦਾ ਰਾਸ਼ਨ, ਬਾਲਣ, ਤਰਪਾਲਾਂ ਅਤੇ ਕੱਪੜਿਆਂ ਸਮੇਤ ਹੋਰ ਜ਼ਰੂਰੀ ਵਸਤਾਂ ਹਨ। ਉਹਨਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਨਹੀਂ ਲੈਂਦੇ ਉਦੋਂ ਤੱਕ ਇਹ ਮੋਰਚਾ ਇਸੇ ਤਰ੍ਹਾਂ ਹੀ ਨਿਰੰਤਰ ਜਾਰੀ ਰਹੇਗਾ ਅਤੇ ਕਿਸਾਨ ਸੰਘਰਸ਼ ਦੇ ਰਾਹ ਦੇ ਉੱਤੇ ਡਟੇ ਰਹਿਣਗੇ।

ਸ਼ੰਭੂ ਬਾਰਡਰ ਲਈ ਰਵਾਨਾ (ETV Bharat)

ਕਿਸਾਨਾਂ ਦੇ ਹੌਂਸਲੇ ਬੁਲੰਦ

ਜ਼ਿਕਰਯੋਗ ਹੈ ਕਿ ਕਿਸਾਨ 13 ਫਰਵਰੀ 2024 ਤੋਂ ਸ਼ੰਭੂ ਬਾਰਡਰ 'ਤੇ ਆਪਣੀਆਂ ਫ਼ਸਲਾਂ ਅਤੇ ਨਸਲਾਂ ਨੂੰ ਬਚਾਉਣ ਲਈ ਪੱਕਾ ਮੋਰਚਾ ਲਗਾ ਕੇ ਬੈਠੇ ਹਨ। ਦੂਜੇ ਪਾਸੇ ਖਨੌਰੀ ਬਾਰਡਰ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਵੀ ਲਗਾਤਾਰ ਜਾਰੀ ਹੈ। 14 ਫਰਵਰੀ ਨੂੰ ਕੇਂਦਰ ਨੇ ਕਿਸਾਨਾਂ ਨਾਲ ਮੀਟਿੰਗ ਦਾ ਸੱਦਾ ਦਿੱਤਾ ਹੈ। ਹੁਣ ਵੇਖਣਾ ਹੋਵੇਗਾ ਕਿ ਇਸ ਮੀਟਿੰਗ 'ਚ ਕਿਸਾਨਾਂ ਦੀਆਂ ਮੰਗਾਂ ਨੂੰ ਬੂਰ ਪਵੇਗਾ ਜਾਂ ਫਿਰ ਕਿਸਾਨ ਸੰਘਰਸ਼ ਦੇ ਰਾਹ ਉੱਤੇ ਹੀ ਫਿਲਹਾਲ ਰਹਿਣਗੇ।

ABOUT THE AUTHOR

...view details