ਲੁਧਿਆਣਾ: ਲੋਕ ਸਭਾ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੇ ਰਣਜੀਤ ਢਿੱਲੋਂ ਨੇ ਇੱਕ ਵਾਰ ਮੁੜ ਤੋਂ ਸਿਆਸਤ ਛੱਡਣ ਵੱਲ ਵਿਚਾਰ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਲੋਕ ਸੇਵਾ ਭਾਵਨਾ ਨੂੰ ਵੋਟ ਹੀ ਨਹੀਂ ਪਾਉਣਾ ਚਾਹੁੰਦੇ ਤਾਂ ਫਿਰ ਸਿਆਸਤ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਦਾ ਉਨ੍ਹਾਂ ਦਾ ਵੀ ਮਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਜਲਦ ਹੀ ਕੋਈ ਫੈਸਲਾ ਲੈਣਗੇ। ਰਣਜੀਤ ਢਿੱਲੋਂ ਨੇ ਕਿਹਾ ਕਿ ਉਹ ਇਸ ਸਬੰਧੀ ਐਲਾਨ ਕਰਨ ਵਾਲੇ ਸਨ ਪਰ ਉਨ੍ਹਾਂ ਦੇ ਕੁਝ ਸਾਥੀਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਲਿਆ ਹੈ। ਪਰ ਉਨ੍ਹਾਂ ਕਿਹਾ ਕਿ ਉਹ ਅੱਜ ਵੀ ਆਪਣੇ ਉਸ ਬਿਆਨ ਤੇ ਕਾਇਮ ਹਨ ਜੋ ਉਨ੍ਹਾਂ ਨੇ ਚੋਣਾਂ ਦੇ ਦੌਰਾਨ ਕਿਹਾ ਸੀ ਕਿ ਜੇਕਰ ਲੋਕ ਉਨ੍ਹਾਂ ਨੂੰ ਮਤਦਾਨ ਨਹੀਂ ਕਰਦੇ ਤਾਂ ਉਹ ਸਿਆਸਤ ਛੱਡ ਦੇਣਗੇ।
ਪੰਜਾਬ ਵਿੱਚ ਸਿਆਸਤ ਧਰਮ:ਰਣਜੀਤ ਢਿੱਲੋ ਨੇ ਕਿਹਾ ਕਿ 1997 ਦੇ ਵਿੱਚ ਉਹ ਪਹਿਲੀ ਵਾਰ ਕੌਂਸਲਰ ਬਣੇ ਸਨ ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੇ ਕੋਈ ਵੀ ਭਰਿਸ਼ਟਾਚਾਰ ਜਾਂ ਕਿਸੇ ਵੀ ਤਰ੍ਹਾਂ ਦੇ ਘਪਲੇ ਦਾ ਕੋਈ ਦਾਅਵਾ ਨਹੀਂ ਕਰ ਸਕਦਾ। ਕਿਉਂਕਿ ਉਨ੍ਹਾਂ ਨੇ ਇਮਾਨਦਾਰੀ ਦੇ ਨਾਲ ਕੰਮ ਕੀਤਾ ਹੈ ਪਰ ਇਮਾਨਦਾਰੀ ਨੂੰ ਹੁਣ ਲੋਕਾਂ ਨੇ ਪਸੰਦ ਕਰਨਾ ਬੰਦ ਕਰ ਦਿੱਤਾ ਹੈ। ਪੰਜਾਬ ਦੇ ਵਿੱਚ ਕਾਂਗਰਸ ਨੂੰ ਜੋ ਬਹੁਮਤ ਮਿਲਿਆ ਹੈ ਉਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਸਿਆਸਤ ਧਰਮਾਂ ਦੇ ਵਿੱਚ ਵੰਡੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਜ ਦੋ ਹਿੱਸਿਆਂ ਦੇ ਵਿੱਚ ਵੜਦਾ ਜਾ ਰਿਹਾ ਹੈ ਜੋ ਕਿ ਚੰਗੀ ਗੱਲ ਨਹੀਂ ਹੈ।