ਅੰਮ੍ਰਿਤਸਰ:ਦੱਖਣੀ ਅਫਰੀਕਾ 'ਚ ਹੋਈਆਂ ਸਨਫਿਸਟ ਅਰਨੋਲਡ ਕਲਾਸਿਕ ਖੇਡਾਂ ਵਿੱਚ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਚਮਿਆਰੀ ਦੇ ਨੌਜਵਾਨ ਗੁਰਕਮਲਦੀਪ ਸਿੰਘ ਵੱਲੋਂ ਪਾਵਰ ਲਿਫਟਿੰਗ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜਿਸ ਨੂੰ ਲੈਕੇ ਪਰਿਵਾਰ ਅਤੇ ਇਲਾਕੇ ਅੰਦਰ ਖੁਸ਼ੀ ਦਾ ਮਾਹੌਲ ਹੈ, ਉਥੇ ਹੀ 18 ਸਾਲਾਂ ਨੌਜਵਾਨ ਗੁਰਕਮਲਦੀਪ ਸਿੰਘ ਦਾ ਪਰਿਵਾਰ ਵੱਲੋਂ ਮੂੰਹ ਮਿੱਠਾ ਕਰਵਾ ਕੇ ਅਤੇ ਹਾਰ ਪਾਕੇ ਸਵਾਗਤ ਕੀਤਾ ਗਿਆ।
ਪਰਿਵਾਰ 'ਚ ਜਸ਼ਨ ਦਾ ਮਾਹੌਲ : ਇਸ ਮੌਕੇ ਨੌਜਵਾਨ ਗੁਰਕਮਲਦੀਪ ਸਿੰਘ ਨੇ ਕਿਹਾ ਕਿ ਦੱਖਣੀ ਅਫਰੀਕਾ ਵਿੱਚ ਹੋਈਆਂ ਖੇਡਾਂ ਵਿੱਚ ਉਸ ਨੇ ਪਾਵਰ ਲਿਫਟਿੰਗ ਵਿੱਚੋਂ ਗੋਲਡ ਮੈਡਲ ਜਿੱਤਿਆ ਹੈ। ਜਿਸ ਦੇ ਚਲਦੇ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਦੇ ਪਰਿਵਾਰ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋਣ ਅਤੇ ਆਪਣਾ ਚੰਗਾ ਮੁਕਾਮ ਹਾਸਲ ਕਰਨ।
ਸਰਕਾਰ ਵੱਲੋਂ ਮਿਲਣੀ ਚਾਹੀਦੀ ਮਦਦ: ਇਸ ਮੌਕੇ ਨੌਜਵਾਨ ਗੁਰਕਮਲਦੀਪ ਸਿੰਘ ਦੇ ਪਿਤਾ ਕੁਲਦੀਪ ਸਿੰਘ ਨੇ ਕਿਹਾ ਕੀ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਨਾਂ ਦੇ ਬੇਟੇ ਨੇ ਮਿਹਨਤ ਕਰਕੇ ਪਾਵਰ ਲਿਫਟਿੰਗ ਵਿੱਚ ਗੋਲਡ ਮੈਡਲ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਬੇਟੇ ਨੇ ਉਹਨਾਂ ਦਾ ਪੂਰੇ ਇਲਾਕੇ ਅਤੇ ਦੇਸ਼ ਵਿੱਚ ਨਾਮ ਰੋਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਜਿਆਦਾ ਤੋਂ ਜਿਆਦਾ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਦਾ ਸਾਥ ਦੇਣ। ਇਸ ਲਈ ਸਰਕਾਰ ਨੂੰ ਮਾਲੀ ਮਦਦ ਦੇ ਕੇ ਨੌਜਵਾਨਾਂ ਨੂੰ ਪਰੈਕਟਿਸ ਲਈ ਸਹੁਲਤਾਂ ਪ੍ਰਦਾਨ ਕਰਨ ਦੀ ਲੋੜ ਹੈ।