ਅਜਨਾਲਾ ਵਾਸੀਆਂ ਨੂੰ ਮਿਲਿਆ ਵੱਡਾ ਤੋਹਫਾ, ਸੁਚੱਜੀ ਬਿਜਲੀ ਸਹੂਲਤਾਂ 'ਚ ਕੀਤਾ ਵਾਧਾ ਅੰਮ੍ਰਿਤਸਰ :ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਅਜਨਾਲਾ ਵਾਸੀਆਂ ਨੂੰ ਇਕ ਵੱਡਾ ਤੋਹਫਾ ਦਿੱਤਾ ਗਿਆ ਹੈ। ਜਿਸ ਅਧੀਨ 66 ਕੇ:ਵੀ: ਗਰਿਡ ਨੂੰ 220 ਕੇ:ਵੀ ਗਰਿਡ ਵਿੱਚ ਤਬਦੀਲ ਕੀਤਾ ਜਾਵੇਗਾ ਅਤੇ ਜਿਸ ’ਤੇ ਲੱਗਭੱਗ 35 ਕਰੋੜ ਰੁਪਏ ਖਰਚ ਆਉਣਗੇ। ਇਸ ਦੇ ਨਾਲ ਹੀ ਅਜਨਾਲਾ ਹਲਕੇ ਵਿੱਚ 25 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਦੇ ਪੋਲਾਂ ਦੀ ਲੰਬਾਈ 11 ਮੀਟਰ ਕੀਤੀ ਜਾਵੇਗੀ।
ਇਸ ਸਬੰਧੀ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੰਨ 1968 ਤੋਂ ਬਣੇ 66 ਕੇ.ਵੀ ਗਰਿਡ ਨੂੰ 220 ਕੇ.ਵੀ ਗਰਿਡ ਬਣਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਤੋਂ 55 ਸਾਲ ਪਹਿਲਾਂ ਬਣਿਆ ਇਹ ਗਰਿਡ ਆਬਾਦੀ ਅਨੁਸਾਰ ਲੋਕਾਂ ਨੂੰ ਬਿਜਲੀ ਦੀ ਸਪਲਾਈ ਪ੍ਰਦਾਨ ਕਰਦਾ ਸੀ, ਪ੍ਰੰਤੂ ਐਨਾ ਲੰਬਾ ਸਮਾਂ ਬੀਤਣ ਉਪਰੰਤ ਕਈ ਕਾਂਗਰਸ ਅਤੇ ਅਕਾਲੀ ਸਰਕਾਰਾਂ ਨੇ ਰਾਜ ਕੀਤਾ। ਪ੍ਰੰਤੂ ਇਸ ਗਰਿਡ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਨਿਰੰਤਰ ਬਿਜਲੀ ਦੀ ਸਪਲਾਈ ਦਾ ਵਾਅਦਾ ਕੀਤਾ ਸੀ ਜਿਸ ਨੂੰ ਸ੍ਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਪੂਰਾ ਕਰਦੇ ਹੋਏ 35 ਕਰੋੜ ਰੁਪਏ ਦੀ ਲਾਗਤ ਨਾਲ 220 ਕੇ.ਵੀ ਗਰਿਡ ਕਰਨ ਦੀ ਮਨਜੂਰੀ ਦਿੱਤੀ ਹੈ।
ਬਿਜਲੀ ਕੱਟਾਂ ਤੋਂ ਵੀ ਨਿਜਾਤ ਮਿਲੇਗੀ: ਧਾਲੀਵਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਚੱਕ ਡੋਗਰਾ, ਗੱਗੋਮਾਹਲ, ਰਮਦਾਸ ਅਤੇ ਡਿਆਲ ਭੜੰਗ ਦੇ 66 ਕੇ:ਵੀ ਗਰਿਡ ਫਤਿਹਗੜ੍ਹ ਚੂੜੀਆਂ ਤੋਂ ਬਿਜਲੀ ਨਾਲ ਚੱਲਦੇ ਸਨ ਜੋ ਕਿ ਹੁਣ ਅਜਨਾਲਾ ਤੋਂ ਬਿਜਲੀ ਪ੍ਰਾਪਤ ਕਰਕੇ 115 ਪਿੰਡਾਂ ਬਿਜਲੀ ਦੀ ਸਹੂਲਤ ਦਾ ਲਾਭ ਪ੍ਰਦਾਨ ਕਰਨਗੇ। ਜਿਸ ਨਾਲ ਬਿਜਲੀ ਦੇ ਲੋਡ ਵਿੱਚ ਕਟੌਤੀ ਹੋਵੇਗੀ ਅਤੇ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਵੀ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਲੋਕਾਂ ਨੂੰ ਪਹਿਲਾਂ ਹੀ 300 ਯੂਨਿਟ ਬਿਜਲੀ ਬਿੱਲ ਜੀਰੋ ਦੀ ਸਹੂਲਤ ਪ੍ਰਦਾਨ ਕੀਤੀ ਹੋਈ ਹੈ ਜਿਸ ਵੱਡੀ ਪੱਧਰ ਤੇ ਲੋਕ ਲਾਹਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਉਦਯੋਗਾਂ ਨੂੰ ਵੀ ਨਿਰੰਤਰ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।
ਸਕੂਲਾਂ ਲਈ 27 ਕਰੋੜ 95 ਲੱਖ ਰੁਪਏ ਜਾਰੀ:ਕੈਬਨਿਟ ਧਾਲੀਵਾਲ ਨੇ ਕਿਹਾ ਕਿ 25 ਕਰੋੜ ਰੁਪਏ ਦੀ ਲਾਗਤ ਨਾਲ ਅਜਨਾਲਾ ਵਿੰਚ 11 ਮੀਟਰ ਦੀ ਲੰਬੇ ਪੋਲ ਅਤੇ ਕੇਬਲ ਦੀ ਤਾਰ ਵੀ ਪਾਈ ਜਾਵੇਗੀ ਜਿਸ ਨਾਲ ਟੈ੍ਰਫਿਕ ਸਮੱਸਿਆ ਵੀ ਹੱਲ ਹੋਵੇਗੀ। ਉਨ੍ਹਾਂ ਦੱਸਿਆ ਕਿ ਬਿਜਲੀ ਦੇ ਪੋਲ ਨੀਵੇਂ ਹੋਣ ਕਾਰਨ ਅਕਸਰ ਹੀ ਵੱਡੀਆਂ ਗੱਡੀਆਂ ਤਾਰਾਂ ਨਾਲ ਟਕਰਾ ਜਾਂਦੀਆਂ ਸਨ। ਜਿਸ ਕਰਕੇ ਕੋਈ ਨਾ ਕੋਈ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਸੀ। ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਅਜਨਾਲਾ ਹਲਕੇ ਦੇ ਸਕੂਲਾਂ ਲਈ 27 ਕਰੋੜ 95 ਲੱਖ ਰੁਪਏ ਜਾਰੀ ਕੀਤੇ ਸਨ। ਜਿਸ ਵਿੱਚੋਂ ਸਕੂਲਾਂ ਦੀ ਮੁਰੰਮਤ ਆਦਿ ਲਈ 7 ਕਰੋੜ 18 ਲੱਖ ਰੁਪਏ ਦੀ ਪਹਿਲੀ ਕਿਸ਼ਤ ਪ੍ਰਾਪਤ ਹੋ ਗਈ। ਜਿਸ ਨਾਲ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਨੇ ਸੜਕ ਸੁਰੱਖਿਆ ਫੋਰਸ ਬਣਾਈ ਹੈ ਜੋ ਹਾਈਵੇ ਤੇ ਹੁੰਦੇ ਸੜਕੀ ਹਾਦਸਿਆਂ ਨੁੂੰ ਰੋਕੇਗੀ ਅਤੇ ਹਾਦਸਾ ਵਾਪਰਨ ਦੀ ਸੂਰਤ ਵਿੱਚ ਜਖਮੀਆਂ ਨੂੰ ਹਸਪਤਾਲ ਪਹੁੰਚਾਏਗੀ।