ਰਾਮ ਰਹੀਮ ਨੂੰ ਕਤਲ ਕੇਸ ਚੋਂ ਬਰੀ ਕਰਨਾ ਮੰਦਭਾਗਾ (ETV Bharat Amritsar) ਅੰਮ੍ਰਿਤਸਰ : ਸੀਬੀਆਈ ਕੋਰਟ ਵੱਲੋਂ ਡੇਰਾ ਸਾਧ ਰਾਮ ਰਹੀਮ ਨੂੰ ਸਾਬਕਾ ਕਰਮਚਾਰੀ ਰਣਜੀਤ ਸਿੰਘ ਦੇ ਕਤਲ ਮਾਮਲੇ ਵਿਚ ਬਰੀ ਕਰਨ ਦੀ ਐਸਜੀਪੀਸੀ ਧਰਮ ਪ੍ਰਚਾਰ ਦੇ ਮੈਬਰ ਅਜਾਇਬ ਸਿੰਘ ਅਬਿਆਸੀ ਵੱਲੋਂ ਸਖਤ ਸ਼ਬਦਾ ਵਿਚ ਨਿੰਦਿਆ ਕੀਤੀ ਹੈ, ਜਿਸ ਦੇ ਚਲਦੇ ਉਹਨਾ ਸੁਪਰੀਮ ਕੋਰਟ ਕੋਲ ਇੱਕ ਅਪੀਲ ਕਰਦਿਆ ਅਜਿਹੇ ਕਾਤਲਾਂ 'ਤੇ ਕਾਰਵਾਈ ਕਰਦਿਆਂ ਮ੍ਰਿਤਕ ਨੂੰ ਇਨਸਾਫ ਦੇਣ ਦੀ ਗੱਲ ਆਖੀ ਹੈ।
ਇਸ ਮੌਕੇ ਗੱਲਬਾਤ ਕਰਦੀਆਂ ਐਸਜੀਪੀਸੀ ਧਰਮ ਪ੍ਰਚਾਰ ਦੇ ਮੈਬਰ ਅਜਾਇਬ ਸਿੰਘ ਅਬਿਆਸੀ ਨੇ ਦੱਸਿਆ ਕਿ ਪਹਿਲਾਂ ਰਾਮ ਰਹੀਮ ਨੂੰ ਬਿਨ੍ਹਾਂ ਮਤਲਬ ਪੈਰੋਲ ਦਿੱਤੀ ਜਾਂਦੀ ਰਹੀ ਹੈ ਅਤੇ ਹੁਣ ਦੇਸ਼ ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਚਲਦੇ ਰਾਮ ਰਹੀਮ ਨੂੰ ਰਣਜੀਤ ਸਿੰਘ ਮਾਮਲੇ ਚੋਂ ਸੀਬੀਆਈ ਦੀ ਕੋਰਟ ਵੱਲੋਂ ਬਰੀ ਕਰਨਾ ਮੰਦਭਾਗੀ ਗੱਲ ਹੈ। ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਲੋਕਾਂ ਦਾ ਵਿਸ਼ਵਾਸ ਕਾਨੂੰਨ ਵਿਵਸਥਾ ਤੋਂ ਉਠਦਾ ਦਿਖਾਈ ਦੇਵੇਗਾ। ਅਸੀਂ ਸੁਪਰੀਮ ਕੋਰਟ ਤੋਂ ਅਪੀਲ ਕਰਾਂਗੇ ਕਿ ਦੇਸ਼ ਲਈ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਦੀ ਕੁਰਬਾਨੀਆਂ ਨੂੰ ਧਿਆਨ ਵਿਚ ਰੱਖਦਿਆਂ ਸੁਪਰੀਮ ਕੋਰਟ ਨੂੰ ਇਸ ਮਾਮਲੇ ਵਿੱਚ ਰਾਮ ਰਹੀਮ ਨੂੰ ਸਖ਼ਤ ਤੋ ਸਖ਼ਤ ਸਜਾ ਦੇਣ ਤਾਂ ਜੋ ਲੋਕਾ ਦਾ ਵਿਸ਼ਵਾਸ ਕਾਨੂੰਨ ਵਿਵਸਥਾ ਵਿਚ ਬਣਿਆ ਰਹੇ।
ਕੀ ਹੈ ਰਣਜੀਤ ਕਤਲ ਮਾਮਲਾ :ਕੁਰੂਕਸ਼ੇਤਰ ਦੇ ਪਿੰਡ ਖਾਨਪੁਰ ਕੌਲੀਆਂ ਦੇ ਰਹਿਣ ਵਾਲੇ ਰਣਜੀਤ ਸਿੰਘ ਦੀ 10 ਜੁਲਾਈ 2002 ਨੂੰ ਚਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਾਣਕਾਰੀ ਅਨੁਸਾਰ ਸੀਬੀਆਈ ਨੇ ਆਪਣੀ ਜਾਂਚ ਦੌਰਾਨ ਇਸ ਕਤਲ ਦਾ ਕਾਰਨ ਇੱਕ ਗੁਮਨਾਮ ਚਿੱਠੀ ਨੂੰ ਘੁੰਮਾਉਣ ਵਿੱਚ ਉਸ ਦੀ ਸ਼ੱਕੀ ਭੂਮਿਕਾ ਹੋਣ ਦਾ ਸ਼ੱਕ ਦੱਸਿਆ ਸੀ। ਤਕਰੀਬਨ 19 ਸਾਲ ਬਾਅਦ ਵੱਖ ਵੱਖ ਪੜਾਵਾਂ ਵਿੱਚ ਦੀ ਲੰਘਦਿਆਂ ਇਸ ਕਤਲ ਮਾਮਲੇ ਵਿੱਚ ਅਕਤੂਬਰ 2021 ’ਚ ਹਰਿਆਣਾ ਦੇ ਪੰਚਕੂਲਾ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ ਨੇ ਗੁਰਮੀਤ ਰਾਮ ਰਹੀਮ ਸਿੰਘ ਅਤੇ ਚਾਰ ਹੋਰਨਾਂ ਨੂੰ ਉਮਰ ਕੈਦ ਦੀ ਸ਼ਜਾ ਸੁਣਾਈ ਸੀ ਜਦੋਂਕਿ ਡੇਰਾ ਮੁਖੀ ਨੂੰ 31 ਲੱਖ ਰੁਪਏ ਜੁਰਮਾਨਾ ਲਾਇਆ ਸੀ। ਡੇਰਾ ਮੁਖੀ ਨੇ ਆਪਣੇ ਵਕੀਲਾਂ ਰਾਹੀਂ ਅਦਾਲਤ ਦੇ ਇਸ ਫੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਸ ਬਾਰੇ ਹੁਣ ਫੈਸਲਾ ਆਇਆ ਹੈ।
ਡੇਰਾ ਪੈਰੋਕਾਰਾਂ ’ਚ ਖੁਸ਼ੀ ਦਾ ਮਹੌਲ :ਉਂਜ ਡੇਰਾ ਸਿਰਸਾ ਪੈਰੋਕਾਰਾਂ ਵਿੱਚ ਵੀ ਅੱਜ ਆਏ ਇਸ ਫੈਸਲੇ ਨੂੰ ਲੈ ਕੇ ਕਾਫੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਤਾਂ ਇਸ ਸਬੰਧ ’ਚ ਕਈ ਤਰਾਂ ਦੀਆਂ ਟਿੱਪਣੀਆਂ ਦਾ ਹੜ੍ਹ ਆਇਆ ਹੋਇਆ ਹੈ। ਡੇਰਾ ਪ੍ਰੇਮੀਆਂ ਦਾ ਦਾ ਪ੍ਰਤੀਕਰਮ ਸੀ ਕਿ ਜੇਕਰ ਅਗਸਤ 2017 ਵਿੱਚ ਅਦਾਲਤ ਵੱਲੋਂ ਦਿੱਤਾ ਗਿਆ ਫੈਸਲਾ ਮੰਨਿਆ ਗਿਆ ਹੈ ਤਾਂ ਅੱਜ ਦੇ ਫੈਸਲੇ ਨੂੰ ਵੀ ਪ੍ਰਵਾਨ ਕਰਨਾ ਚਾਹੀਦਾ ਹੈ। ਡੇਰਾ ਸ਼ਰਧਾਲੂ ਆਖ ਰਹੇ ਹਨ ਕਿ ਅੱਜ ਸੱਚ ਦੀ ਜਿੱਤ ਹੋਈ ਹੈ ਅਤੇ ਭਵਿੱਖ ’ਚ ਵੀ ਸਚਾਈ ਨੇ ਹੀ ਜਿੱਤਣਾ ਹੈ।