ਤਰਨ ਤਾਰਨ: ਜ਼ਿਲ੍ਹੇ ਦੇ ਕਸਬਾ ਹਰੀਕੇ ਪੱਤਣ ਵਿੱਚ ਇੱਕ ਆੜ੍ਹਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਹਰੀਕੇ ਵਾਸੀ ਰਾਮ ਗੋਪਾਲ ਵਜੋਂ ਹੋਈ ਹੈ। ਜਿਸ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਤਰਨ ਤਾਰਨ ਪੁਲਿਸ ਦੇ ਸੀਨੀਅਰ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਜਾਂਚ ਲਈ ਪੁੱਜੇ ਸਨ।
ਤਰਨਤਾਰਨ 'ਚ ਆੜ੍ਹਤੀ ਦਾ ਗੋਲੀਆਂ ਮਾਰਕੇ ਕੀਤਾ ਕਤਲ (Etv Bharat) ਮੋਟਰਸਾਈਕਲ ਉੱਤੇ ਆਏ ਸਨ ਮੁਲਜ਼ਮ
ਜਾਣਕਾਰੀ ਅਨੁਸਾਰ ਮ੍ਰਿਤਕ ਰਾਮ ਗੋਪਾਲ ਆੜਤ ਦਾ ਕੰਮ ਕਰਦਾ ਸੀ। ਅੱਜ ਸਵੇਰੇ ਜਦੋਂ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤਾਂ ਮੋਟਰਸਾਈਕਲ ਸਵਾਰ ਮੁਲਜ਼ਮਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਰਾਮ ਗੋਪਾਲ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਲਜ਼ਮਾਂ ਨੇ ਪਿਸਤੌਲ ਨਾਲ ਚਾਰ ਗੋਲੀਆਂ ਚਲਾਈਆਂ। ਇੱਕ ਗੋਲੀ ਰਾਮ ਗੋਪਾਲ ਦੇ ਮੋਢੇ ਵਿੱਚ ਲੱਗੀ ਅਤੇ ਦੂਜੀ ਸਰੀਰ ਦੇ ਹੋਰ ਹਿੱਸਿਆਂ ਵਿੱਚ ਲੱਗੀ।
ਪੁਲਿਸ ਨੇ ਮੁਲਜ਼ਮ ਕੀਤੇ ਕਾਬੂ
ਘਟਨਾ ਵਾਲੀ ਥਾਂ ਉੱਤੇ ਪਹੁੰਚੇ ਡੀਐਸਪੀ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਜਦੋਂ ਸਾਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਅਸੀਂ ਤੁਰੰਤ ਘਟਨਾ ਵਾਲੀ ਥਾਂ ਉੱਤੇ ਪਹੁੰਚ ਗਏ। ਇਸੇ ਦੌਰਾਨ ਸਾਡੀ ਪੁਲਿਸ ਪਾਰਟੀ ਵੀ ਹਮਲਾਵਰਾਂ ਬਾਰੇ ਵੀ ਜਾਣਕਾਰੀ ਮਿਲ ਗਈ ਤੇ ਸਾਡੀ ਪੁਲਿਸ ਪਾਰਟੀ ਨੇ ਉਹਨਾਂ ਦੇ ਮੋਟਰਸਾਈਕਲ ਦਾ ਪਿੱਛਾ ਕੀਤਾ। ਥੋੜ੍ਹੀ ਦੂਰ ਜਾ ਕੇ ਮੁਲਜ਼ਮਾਂ ਨੇ ਮੋਟਰਸਾਈਕਲ ਸੁੱਟ ਦਿੱਤਾ ਤੇ ਇੱਕ ਹੋਰ ਮੁਲਜ਼ਮ ਉਹਨਾਂ ਦਾ ਕਾਰ ਵਿੱਚ ਇਤਜ਼ਾਰ ਕਰ ਰਿਹਾ ਸੀ। ਤਿੰਨੇ ਮੁਲਜ਼ਮ ਜਦੋਂ ਕਾਰ ਵਿੱਚ ਭੱਜ ਰਹੇ ਸਨ ਤਾਂ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਚਿਤਾਵਨੀ ਦਿੱਤੀ, ਪਰ ਇਹਨਾਂ ਨੇ ਪੁਲਿਸ ਉੱਤੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਇੱਕ ਮੁਲਜ਼ਮ ਹੋਇਆ ਜ਼ਖ਼ਮੀ
ਪੁਲਿਸ ਦੀ ਫਾਇਰਿੰਗ ਦੌਰਾਨ ਇੱਕ ਮੁਲਜ਼ਮ ਜ਼ਖ਼ਮੀ ਹੋ ਗਿਆ। ਇਸੇ ਦੌਰਾਨ ਪੁਲਿਸ ਨੇ ਕਾਰਵਾਈ ਕਰਦੇ ਹੋਏ 2 ਮੁਲਜ਼ਮ ਗ੍ਰਿਫ਼ਤਾਰ ਕਰ ਲਏ ਜਦਕਿ ਇੱਕ ਮੁਲਜ਼ਮ ਭੱਜਣ ਵੀ ਕਾਮਯਾਬ ਹੋ ਗਿਆ। ਫਿਲਹਾਲ ਪੁਲਿਸ ਜ਼ਖ਼ਮੀ ਮੁਲਜ਼ਮ ਨੂੰ ਹਸਪਤਾਲ ਵਿੱਚ ਲੈ ਕੇ ਆਈ ਹੈ, ਜਿੱਥੇ ਉਸ ਦਾ ਇਲਾਜ਼ ਚੱਲ ਰਿਹਾ ਹੈ। ਹੁਣ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰੇਗੀ ਕਿ ਇਹਨਾਂ ਨੇ ਇਸ ਵਾਰਦਾਤ ਨੂੰ ਕਿਉਂ ਅੰਜ਼ਾਮ ਦਿੱਤਾ ਹੈ।