ਦਿਲਰੋਜ਼ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਦਿਲਰੋਜ ਦੇ ਮਾਤਾ ਪਿਤਾ ਲੁਧਿਆਣਾ: ਬਹੁਤ ਚਰਚਿਤ ਦਿਲਰੋਜ਼ ਦੇ ਮਾਮਲੇ ਵਿੱਚ ਬੀਤੇ ਦਿਨੀ ਮਾਨਯੋਗ ਅਦਾਲਤ ਵੱਲੋਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਜਿਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਵੱਲੋਂ ਬੇਸ਼ੱਕ ਸੰਤੁਸ਼ਟੀ ਪ੍ਰਗਟਾਈ ਗਈ ਸੀ। ਅੱਜ ਦਿਲਰੋਜ਼ ਦੇ ਮਾਤਾ ਪਿਤਾ ਦਿਲਰੋਜ਼ ਦੀ ਫੋਟੋ ਲੈ ਕੇ ਉਸ ਜਗ੍ਹਾ ਤੇ ਪਹੁੰਚੇ, ਜਿਸ ਜਗ੍ਹਾ ਉੱਪਰ ਕਾਤਲ ਮਹਿਲਾ ਵੱਲੋਂ ਦਿਲਰੋਜ਼ ਨੂੰ ਜਿਉਂਦੀ ਨੂੰ ਦਫ਼ਨਾਇਆ ਗਿਆ ਸੀ। ਬੇਸ਼ੱਕ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋ ਚੁੱਕੀ ਹੈ ਪਰ ਅੱਜ ਵੀ ਮਾਂ ਬਾਪ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ।
ਇਸ ਮੌਕੇ ਉਨ੍ਹਾਂ ਕਿਹਾ ਕੀ ਇਹ ਨਾ ਭੁੱਲਣ ਯੋਗ ਦੁੱਖ ਹੈ ਤੇ ਉਹ ਕਦੇ ਵੀ ਨਹੀਂ ਭੁੱਲ ਸਕਦੇ, ਕਿਹਾ ਕਿ ਉਹ ਆਪਣੀ ਬੇਟੀ ਨੂੰ ਅੱਜ ਵੀ ਬਹੁਤ ਪਿਆਰ ਕਰਦੇ ਹਨ ਅਤੇ ਜੋ ਸਮਾਨ ਆਪਣੇ ਬੇਟੇ ਲਈ ਖਰੀਦਦੇ ਹਨ, ਉਹੀ ਸਮਾਨ ਬੇਟੀ ਦਿਲਰੋਜ਼ ਲਈ ਵੀ ਖਰੀਦਦੇ ਹਨ, ਉਥੇ ਹੀ ਦਿਲਰੋਜ਼ ਦੇ ਦਾਦਾ ਨੇ ਕਿਹਾ ਕਿ ਉਹਨਾਂ ਦੀ ਰਹਿੰਦੀ ਉਮਰ ਤੱਕ ਇਹ ਦਰਦ ਉਹਨਾਂ ਦੇ ਨਾਲ ਹੀ ਰਹੇਗਾ। ਇਸ ਮੌਕੇ ਦਿਲਰੋਜ਼ ਦੀ ਮਾਤਾ ਦਾ ਕਹਿਣਾ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਦੋਸ਼ੀ ਨੂੰ ਸਜ਼ਾ ਹੋਣ ਤੋਂ ਬਾਅਦ ਉਹਨਾਂ ਦਾ ਦਰਦ ਘੱਟ ਜਾਵੇਗਾ ਪਰ ਦਰਦ ਨਹੀਂ ਘਟਿਆ ਉਹਨਾਂ ਨੇ ਦਿਲਰੋਜ਼ ਦੇ ਵਾਰ-ਵਾਰ ਅੱਖਾਂ ਸਾਹਮਣੇ ਆਉਣ ਅਤੇ ਆਪਣੇ ਦਰਦ ਨੂੰ ਰੋਕ ਕੇ ਬਿਆਨ ਕੀਤਾ।
ਵਕੀਲ ਅਤੇ ਅਦਾਲਤ ਦਾ ਕੀਤਾ ਧੰਨਵਾਦ: ਬੀਤੇ ਦਿਨੇ ਹੀ ਇਸ ਮਾਮਲੇ ਦੇ ਵਿੱਚ ਲੁਧਿਆਣਾ ਦੀ ਅਦਾਲਤ ਵੱਲੋਂ ਦਿਲਰੋਜ਼ ਦੀ ਕਾਤਲ ਨੀਲਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜਿਸ ਤੋਂ ਬਾਅਦ ਮਾਤਾ ਪਿਤਾ ਨੇ ਵਕੀਲ ਅਤੇ ਅਦਾਲਤ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਸੀ। ਅੱਜ ਪਰਿਵਾਰ ਵੱਲੋਂ ਦਿਲਰੋਜ਼ ਨੂੰ ਉਸ ਥਾਂ ਤੇ ਜਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਜਿੱਥੇ ਉਸ ਨੂੰ ਦਫਨਾ ਕੇ ਮੌਤ ਤੇ ਘਾਟ ਉਤਾਰਿਆ ਗਿਆ ਸੀ। ਇਸ ਮੌਕੇ ਪਰਿਵਾਰ ਨੇ ਕਿਹਾ ਕਿ ਅਦਾਲਤ ਨੇ ਜੋ ਮਹਿਲਾ ਨੂੰ ਸਜ਼ਾ ਦਿੱਤੀ ਹੈ ਉਸ ਤੋਂ ਉਹਨਾਂ ਨੂੰ ਕੁਝ ਰਾਹਤ ਜਰੂਰ ਮਿਲੀ ਹੈ, ਪਰ ਦਿਲਰੋਜ਼ ਨੂੰ ਉਹ ਆਪਣੀ ਪੂਰੀ ਜ਼ਿੰਦਗੀ ਭੁਲਾ ਨਹੀਂ ਸਕਦੇ।
ਜਿੰਦਾ ਦਫ਼ਨਾ ਕੇ ਕੀਤਾ ਸੀ ਮਾਸੂਮ ਦਾ ਕਤਲ:ਦੱਸ ਦਈਏ ਕਿ 28 ਨਵੰਬਰ 2021 ਮੁਲਜ਼ਮ ਮਹਿਲਾ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਬੱਚੀ ਨੂੰ ਚਾਕਲੇਟ ਦੇ ਬਹਾਨੇ ਲੈ ਗਈ ਸੀ। ਮੁਲਜ਼ਮ ਮਹਿਲਾ ਨੇ ਪਹਿਲਾਂ ਬੱਚੀ ਨੂੰ ਘਰੋਂ ਵਹਿਲਾ ਫੁਸਲਾ ਕੇ ਚਾਕਲੇਟ ਖੁਆਉਣ ਦਾ ਬਹਾਨਾ ਲੈ ਕੇ ਆਪਣੇ ਨਾਲ ਐਕਟੀਵਾ ’ਤੇ ਕਿਸੇ ਸੁੰਨਸਾਨ ਥਾਂ ’ਤੇ ਲੈ ਗਈ ਸੀ। ਉਪਰੰਤ ਮੁਲਜ਼ਮ ਨੀਲਮ ਨੇ ਬੱਚੀ ਨੂੰ ਜ਼ਿੰਦਾ ਦਫਨਾਉਣ ਤੋਂ ਪਹਿਲਾਂ ਉਸ ਨੂੰ ਟੋਏ 'ਚ ਸੁੱਟ ਕੇ ਕਤਲ ਕਰ ਦਿੱਤਾ ਸੀ। ਇਸ ਕਾਰਨ ਲੜਕੀ ਦੇ ਮੱਥੇ ਅਤੇ ਸਿਰ 'ਤੇ ਸੱਟ ਲੱਗ ਗਈ। ਹੇਠਾਂ ਡਿੱਗਦੇ ਹੀ ਕੁੜੀ ਉੱਚੀ-ਉੱਚੀ ਰੋਣ ਲੱਗੀ। ਇਸ ਤੋਂ ਬਾਅਦ ਵੀ ਔਰਤ ਨੂੰ ਤਰਸ ਨਹੀਂ ਆਇਆ। ਲੜਕੀ ਦੇ ਮੂੰਹ ਵਿੱਚ ਚਿੱਕੜ ਭਰ ਕੇ ਉਸ ਨੂੰ ਦੱਬ ਦਿੱਤਾ ਸੀ ਅਤੇ ਉਥੋਂ ਭੱਜ ਫਰਾਰ ਹੋ ਗਈ ਸੀ।