ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਆਈ ਧਮਕੀ ਭਰੀ ਫੋਨ ਕਾਲ ਅੰਮ੍ਰਿਤਸਰ:ਬਾਲੀਵੁੱਡ ਅਦਾਕਾਰਾ ਅਤੇ ਬਿੱਗ ਬੌਸ 13 ਦੀ ਪ੍ਰਤੀਯੋਗੀ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸ਼ਨੀਵਾਰ ਸਵੇਰੇ ਉਨ੍ਹਾਂ ਨੂੰ ਇੱਕ ਵਟਸਐਪ ਕਾਲ ਆਈ। ਫੋਨ ਕਰਨ ਵਾਲੇ ਨੇ ਪਾਕਿਸਤਾਨੀ ਨਾਗਰਿਕ ਹੋਣ ਦਾ ਦਾਅਵਾ ਕੀਤਾ ਅਤੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਕਾਬਿਲੇਗੌਰ ਹੈ ਕਿ ਸ਼ਹਿਨਾਜ਼ ਗਿੱਲ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ।
ਵਟਸਐਪ ਫੋਨ ਕਰਕੇ ਦਿੱਤੀ ਧਮਕੀ: ਫਿਰੌਤੀ ਦੀ ਮੰਗ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਸ ਕੋਲ ਸੰਤੋਖ ਸਿੰਘ ਬਾਰੇ ਸਾਰੀ ਜਾਣਕਾਰੀ ਹੈ ਕਿ ਉਹ ਕਿੱਥੇ ਰਹਿੰਦਾ ਹੈ ਅਤੇ ਕੀ ਕਰਦਾ ਹੈ। ਕਾਲ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਤੁਹਾਡੀ ਧੀ ਨੇ ਬਹੁਤ ਪੈਸਾ ਕਮਾਇਆ ਹੈ। ਪਹਿਲਾਂ ਧੀ ਨੂੰ ਮਾਰ ਦੇਵਾਂਗੇ ਤੇ ਫਿਰ ਤੈਨੂੰ ਮਾਰਾਂਗੇ। ਜੇਕਰ ਤੁਸੀਂ ਆਪਣੇ ਪਰਿਵਾਰ ਦੀ ਸੁਰੱਖਿਆ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਪੈਸੇ ਦਿਓ। ਇਸ ਦੇ ਨਾਲ ਹੀ ਫੋਨ ਕਰਨ ਵਾਲੇ ਨੇ ਧਮਕੀ ਦਿੱਤੀ ਕਿ ਮਾਈਨਿੰਗ ਦੇ ਮਾਮਲੇ ਵਿਚ ਕੋਈ ਅੜਿੱਕਾ ਨਾ ਫਸਾਇਆ ਜਾਵੇ। ਸਿੱਖ ਹੋ ਕੇ ਹਿੰਦੂਆਂ ਦਾ ਸਮਰਥਨ ਨਾ ਕਰੋ, ਨਹੀਂ ਪਹਿਲਾਂ ਸੂਰੀ ਨੂੰ ਮਾਰਿਆ ਸੀ ਤੇ ਹੁਣ ਤੁਹਾਨੂੰ ਵੀ ਉਸ ਵਾਂਗ ਹੀ ਮਾਰ ਦਿੱਤਾ ਜਾਵੇਗਾ।
ਦੂਜੇ ਪਾਸੇ ਥਾਣਾ ਬਿਆਸ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਜੇਕਰ ਸ਼ਿਕਾਇਤ ਮਿਲਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਸੰਤੋਖ ਸਿੰਘ ਕੋਲ ਪਹਿਲਾਂ ਹੀ ਗੰਨਮੈਨ ਹਨ। ਜਿਸ 'ਚ ਸੰਤੋਖ ਸਿੰਘ ਦਾ ਕਹਿਣਾ ਕਿ ਉਹ ਪੁਲਿਸ ਨੂੰ ਸ਼ਿਕਾਇਤ ਦੇਣਗੇ ਕਿ ਫੋਨ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਪਹਿਲਾਂ ਵੀ ਹੋ ਚੁੱਕਿਆ ਹਮਲਾ ਤੇ ਜਾਨੋਂ ਮਾਰਨ ਦੀ ਮਿਲੀ ਧਮਕੀ:ਕਾਬਿਲੇਗੌਰ ਹੈ ਕਿ ਸੰਤੋਖ ਸਿੰਘ ਸਾਲ 2021 ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ। 25 ਦਸੰਬਰ 2021 ਨੂੰ ਅੰਮ੍ਰਿਤਸਰ 'ਚ ਸੰਤੋਖ ਸਿੰਘ 'ਤੇ 2 ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ ਸੀ। ਇਨ੍ਹਾਂ ਲੋਕਾਂ ਨੇ ਸੰਤੋਖ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਦੋਵੇਂ ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਆਏ ਸਨ। ਸੰਤੋਖ ਇਸ ਹਮਲੇ ਵਿੱਚ ਵਾਲ-ਵਾਲ ਬਚ ਗਏ ਸਨ। ਸੰਤੋਖ ਸਿੰਘ ਨੂੰ ਅਕਤੂਬਰ 2015 ਵਿੱਚ ਵੀ ਧਮਕੀ ਮਿਲੀ ਸੀ। ਬਿਆਸ ਤੋਂ ਤਰਨਤਾਰਨ ਜਾਂਦੇ ਸਮੇਂ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਫੋਨ ਆਇਆ ਸੀ। ਗਾਲੀ-ਗਲੋਚ ਕਰਨ ਤੋਂ ਬਾਅਦ ਨੌਜਵਾਨਾਂ ਨੇ ਕਿਹਾ ਸੀ ਕਿ ਉਹ ਦੀਵਾਲੀ ਤੋਂ ਪਹਿਲਾਂ ਘਰ 'ਚ ਦਾਖਲ ਹੋ ਕੇ ਮਾਰਨਗੇ। ਸੰਤੋਖ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਜਦੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਧਮਕੀਆਂ ਦੇਣ ਵਾਲਿਆਂ ਵਿਚ ਉਨ੍ਹਾਂ ਦਾ ਪੁਰਾਣਾ ਗੰਨਮੈਨ ਵੀ ਸ਼ਾਮਲ ਸੀ।