ਮੋਗਾ: ਪਿਛਲੇ ਦਿਨੀ ਬਾਘਾ ਪੁਰਾਣਾ ਚੰਨੂੰ ਵਾਲਾ ਰੋਡ ਉੱਤੇ ਪੰਜ ਲੁਟੇਰਿਆਂ ਵੱਲੋਂ ਫਲਿਪ ਕਾਰਟ ਦੇ ਕੈਂਟਰ ਨੂੰ ਲੁੱਟਿਆ ਗਿਆ ਸੀ, ਜਿਸ ਵਿੱਚ ਲੱਖਾਂ ਰੁਪਏ ਦਾ ਸਮਾਨ ਸੀ। ਕੈਂਟਰ ਵਿੱਚ ਆਈਫੋਨ ਤੋਂ ਇਲਾਵਾ ਸੈਮਸੰਗ ਅਤੇ ਵੱਖ-ਵੱਖ ਕੰਪਨੀਆਂ ਦੇ ਫੋਨ, ਟੈਬ ਅਤੇ ਏਅਰ ਪੋਰਡ ਵੀ ਸ਼ਾਮਿਲ ਸਨ। ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪੰਜ ਮੁਲਜ਼ਮਾਂ ਵਿੱਚੋਂ ਤਿੰਨ ਨੂੰ ਕਾਬੂ ਕਰ ਲਿਆ ਗਿਆ ਹੈ।
ਪੁਲਿਸ ਨੇ 80 ਲੱਖ ਰੁਪਏ ਦਾ ਸਮਾਨ ਕੀਤਾ ਬਰਾਮਦ (ETV BHARAT PUNJAB (ਰਿਪੋਟਰ,ਮੋਗਾ))
ਫਿਲਮੀ ਅੰਦਾਜ਼ 'ਚ ਲੁੱਟ
ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਅਜੇ ਗਾਂਧੀ ਨੇ ਕਿਹਾ ਕਿ 28 ਸਤੰਬਰ ਨੂੰ ਬਾਘਾ ਪੁਰਾਣਾ ਚੰਨੂਵਾਲਾ ਰੋਡ ਉੱਤੇ ਇੱਕ ਫਲਿਪ ਕਾਰਟ ਕੰਪਨੀ ਦਾ ਕੈਂਟਰ ਜਿਸ ਵਿੱਚ ਲੱਖਾਂ ਰੁਪਏ ਦਾ ਸਮਾਨ ਸੀ ਉਸ ਨੂੰ ਪੰਜ ਲੇਟਰਿਆਂ ਵੱਲੋਂ ਘੇਰ ਲਿਆ ਗਿਆ। ਇਹ ਲੁਟੇਰੇ ਛੋਟੇ ਹਾਥੀ ਅਤੇ ਮੋਟਰਸਾਈਕਲ ਉੱਤੇ ਸਵਾਰ ਹੋਕੇ ਆਏ ਅਤੇ ਫਿਲਮੀ ਅੰਦਾਜ਼ ਵਿੱਚ ਕੰਪਨੀ ਦੇ ਕਰਿੰਦਿਆਂ ਤੋਂ ਕੈਂਟਰ ਨੂੰ ਲੁੱਟ ਲਿਆ। ਲੁਟੇਰਿਆਂ ਨੇ ਕੈਂਟਰ ਨੂੰ ਥੋੜ੍ਹੀ ਦੂਰ ਲਿਜਾ ਕੇ ਛੱਡ ਦਿੱਤਾ।
80 ਲੱਖ ਰੁਪਏ ਦਾ ਸਮਾਨ ਬਰਾਮਦ
ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੰਜ ਲੁਟੇਰਿਆਂ ਵਿੱਚੋਂ ਤਿੰਨ ਨੂੰ ਕਾਬੂ ਕਰ ਲਿਆ, ਜਿੰਨ੍ਹਾਂ ਕੋਲੋਂ ਆਈਫੋਨ 15 ਦੇ 60 ਮੋਬਾਈਲ, ਸੈਮਸੰਗ ਅਤੇ ਹੋਰ ਕੰਪਨੀਆਂ ਦੇ 77 ਮੋਬਾਇਲ ਰਿਕਵਰ ਹੋਏ ਹਨ। ਇਸ ਤੋਂ ਇਲਾਵਾ ਐਪਲ ਏਅਰਪੋਰਡ ਅਤੇ ਹੋਰ ਕੰਪਨੀਆਂ ਦੇ 139 ਏਅਰਪੋਰਡਾਂ ਸਮੇਤ ਇੱਕ ਟੈਬ ਬਰਾਮਦ ਕੀਤੀ ਗਈ। ਜਿਸ ਦੀ ਕੀਮਤ 80 ਲੱਖ ਰੁਪਏ ਦੇ ਕਰੀਬ ਬਣਦੀ ਹੈ।
ਫਰਾਰ ਮੁਲਜ਼ਮਾਂ ਦੀ ਭਾਲ ਜਾਰੀ
ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਨਸ਼ਰ ਕਰਦਿਆਂ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਹਰਦੀਪ ਸਿੰਘ ਵਾਸੀ ਮਾਨੂਕੇ ਗਿੱਲ ਪੱਤੀ, ਰਾਜਵਿੰਦਰ ਸਿੰਘ ਲੰਗਿਆਂਨਾ ਨਵਾਂ, ਆਕਾਸ਼ਦੀਪ ਪੁੱਤਰ ਬਲਵੀਰ ਸਿੰਘ ਲੰਗਿਆਂਨਾ ਨਵਾਂ, ਫਿਲਹਾਲ ਜੋ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੋਏ ਉਹਨਾਂ ਵਿੱਚ ਅਜੇ ਕੁਮਾਰ ਲੰਘਿਆਨਾ ਨਵਾਂ ਅਤੇ ਆਕਾਸ਼ਦੀਪ ਪੁੱਤਰ ਜਗਤਾਰ ਸਿੰਘ ਲੰਘਿਆਨਾ ਸ਼ਾਮਿਲ ਹਨ। ਮੁਲਜ਼ਮਾਂ ਕੋਲੋਂ ਛੋਟਾ ਹਾਥੀ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਆਕਾਸ਼ਦੀਪ ਪੁੱਤਰ ਜਗਤਾਰ ਸਿੰਘ ਉੱਪਰ ਪਹਿਲਾਂ ਵੀ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਹੈ, ਪੁਲਿਸ ਵੱਲੋਂ ਫਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।