ਬਰਨਾਲਾ:ਲੋਕ ਸਭ ਚੋਣਾਂ 2024 ਭਾਰਤੀ ਚੋਣ ਕਮਿਸ਼ਨ ਅਨੁਸਾਰ ਪੰਜਾਬ 'ਚ ਮਤਦਾਨ 1 ਜੂਨ ਨੂੰ ਕਰਵਾਇਆ ਜਾਵੇਗਾ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦਿੱਤੀ ਹੈ। ਦੱਸਿਆ ਕਿ ਚੋਣਾਂ ਨੂੰ ਨਿਰਪੱਖ ਅਤੇ ਨਿਰਭੈ ਬਣਾਉਣ ਅਤੇ ਵੋਟਰਾਂ ਨੂੰ ਧਮਕਾਉਣ/ਪ੍ਰਭਾਵਿਤ ਕਰਨ ਦੇ ਕਿਸੇ ਵੀ ਤਰ੍ਹਾਂ ਦੇ ਗੈਰ-ਕਾਨੂੰਨੀ ਤੌਰ-ਤਰੀਕੇ ਅਪਨਾਉਣ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਣ ਦੇ ਨਿਰਦੇਸ਼ ਦਿੱਤੇ।
ਚੋਣ ਪ੍ਰੋਗਰਾਮ ਬਾਰੇ ਵਧੇਰੀ ਦਿੰਦਿਆਂ ਉਨ੍ਹਾਂ ਆਖਿਆ ਕਿ 7 ਮਈ ਤੋਂ 14 ਮਈ, 2024 ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ ਅਤੇ ਵਾਪਸੀ 17 ਮਈ ਤੱਕ ਹੋ ਸਕੇਗੀ। ਮਤਦਾਨ 1 ਜੂਨ 2024 ਨੂੰ ਹੋਵੇਗਾ ਅਤੇ ਗਿਣਤੀ 4 ਜੂਨ, 2024 ਨੂੰ ਹੋਵੇਗੀ।
ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੱਖ ਵੱਖ ਟੀਮਾਂ ਦੀ ਨਿਗਰਾਨੀ:ਉਨ੍ਹਾਂ ਸਪੱਸ਼ਟ ਕੀਤਾ ਕਿ ਚੋਣ ਜ਼ਾਬਤੇ ਦੌਰਾਨ ਨਵੇਂ ਵਿਕਾਸ ਜਾਂ ਉਸਾਰੀ ਦੇ ਕੰਮ ਸ਼ੁਰੂ ਨਹੀਂ ਕੀਤੇ ਜਾ ਸਕਦੇ ਪਰੰਤੂ ਪੁਰਾਣੇ ਕੀਤਾ ਜਾ ਰਹੇ ਕੰਮ ਲਗਾਤਾਰਤਾ 'ਚ ਚੱਲਣਗੇ। ਇਸ ਨਾਲ ਹੀ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਚੱਲ ਰਹੇ ਸਰਕਾਰੀ ਕੰਮਾਂ ਦੇ ਵੇਰਵੇ ਲੜੀ ਬੱਧ ਕਰਕੇ ਲਿਸਟਾਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਮ੍ਹਾਂ ਕਰਵਾਏ ਜਾਣ। ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੱਖ ਵੱਖ ਨਿਗਰਾਨੀ ਟੀਮਾਂ ਬਣਾ ਲਈਆਂ ਗਈਆਂ ਹਨ ਜਿਹੜੀਆਂ ਚੋਣ ਗਤੀਵਿਧੀਆਂ ਦੀਆਂ ਨਜ਼ਰਸਾਨੀ ਕਰਨਗੀਆਂ।
ਜ਼ਿਲ੍ਹਾ ਬਰਨਾਲਾ ਵਿੱਚ ਕੁੱਲ ਵੋਟਰ ਦਰਜ: ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਅਨੁਸਾਰ ਜ਼ਿਲ੍ਹਾ ਬਰਨਾਲਾ ਵਿੱਚ ਕੁੱਲ 487824 ਵੋਟਰ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚ 258989 ਮਰਦ, 228819 ਮਹਿਲਾ ਵੋਟਰ ਅਤੇ 16 ਤੀਜੇ ਲਿੰਗ ਦੇ ਵੋਟਰ ਦਰਜ ਹਨ। ਜ਼ਿਲ੍ਹਾ ਬਰਨਾਲਾ 'ਚ ਕੁਲ 2355 ਸਰਵਿਸ ਵੋਟਰਾਂ ਦੀ ਗਿਣਤੀ ਹੈ। ਇਸ ਵਾਰ ਪੋਲਿੰਗ ਸਟੇਸ਼ਨਾਂ ਦੀ ਗਿਣਤੀ 558 ਹੈ ਜਦਕਿ 271 ਪੋਲਿੰਗ ਲੋਕੇਸ਼ਨਾਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਨਾਲ ਤਾਲਮੇਲ ਕਰਕੇ ਜ਼ਿਲ੍ਹਾ ਬਰਨਾਲਾ 'ਚ ਕੁੱਲ 73 ਵਲਨਰੇਬਲ ਅਤੇ 73 ਕ੍ਰਿਟੀਕਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਕੁੱਲ 3304 ਵੋਟਰ ਜ਼ਿਲ੍ਹੇ 'ਚ ਹਨ ਜਿਹਨਾਂ ਲਈ ਹਰ ਇਕ ਹਲਕੇ 'ਚ 1 - 1 ਪੋਲਿੰਗ ਸਟੇਸ਼ਨ ਵਿਸ਼ੇਸ਼ ਤੌਰ 'ਤੇ ਬਣਾਏ ਗਏ ਹਨ। ਇਸ ਤਰ੍ਹਾਂ ਜ਼ਿਲ੍ਹੇ 'ਚ ਕੁੱਲ 31 ਮਾਡਲ ਪੋਲਿੰਗ ਸਟੇਸ਼ਨ, 3 ਪਿੰਕ ਬੂਥ ਮਹਿਲਾਵਾਂ ਲਈ ਅਤੇ 3 ਪੋਲਿੰਗ ਸਟੇਸ਼ਨ ਨੌਜਵਾਨਾਂ ਵੱਲੋਂ ਸੰਭਾਲੇ ਜਾਣਗੇ।