ਤਰਨਤਾਰਨ: ਅੱਜ ਸਮਾਜ ਸੇਵੀਆਂ ਵੱਲੋਂ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਬਲੇਰ ਤੋਂ ਪਿਛਲੇ ਦਿਨੀਂ ਭੇਤਭਰੇ ਹਾਲਾਤਾਂ ਵਿੱਚ ਨੌਜਵਾਨ ਦੀ ਮੌਤ ਹੋ ਜਾਣ ਦੇ ਮਾਮਲੇ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਕਤਲ ਕਰਾਰ ਦਿੰਦਿਆਂ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕਰਦਿਆਂ ਥਾਣਾ ਭਿੱਖੀਵਿੰਡ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ। ਇਸ ਮੌਕੇ ਧਰਨਾਕਾਰੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਖਿਲਾਫ਼ ਇਨਸਾਫ਼ ਨਾ ਮਿਲਣ ਦੇ ਚੱਲਦਿਆਂ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਧਰਨੇ ਦੀ ਅਗਵਾਈ ਕਰ ਰਹੇ ਸਮਾਜ ਸੇਵੀ ਪਾਰਟੀ ਦੇ ਪੰਜਾਬ ਪ੍ਰਧਾਨ ਅਜੈ ਕੁਮਾਰ ਚੀਨੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਪਿੰਡ ਬਲੇਰ ਦੇ ਨੌਜਵਾਨ ਗੁਰਜੀਤ ਸਿੰਘ ਦੇ ਹੋਏ ਬੇਰਹਿਮੀ ਨਾਲ ਕਤਲ ਨੂੰ ਲੈ ਕੇ ਪੰਜਾਬ ਪੁਲਿਸ ਦੇ ਕੁਝ ਸੀਨੀਅਰ ਅਧਿਕਾਰੀਆਂ ਵੱਲੋਂ ਮੋਟੀਆਂ ਰਕਮਾਂ ਲੈ ਕੇ ਉਕਤ ਨੌਜਵਾਨ ਨੂੰ ਪੁਲਿਸ ਫਾਈਲਾਂ ਵਿੱਚ ਨਸ਼ੇ ਦਾ ਟੀਕਾ ਲਾ ਕੇ ਮਰ ਜਾਣ ਦਾ ਲਿਖਿਆ ਗਿਆ ਹੈ। ਜਦੋਂ ਕਿ ਨੌਜਵਾਨ ਦੀ ਮੌਤ ਹੋ ਜਾਣ ਦੀ ਵਜਾ ਜਾਨਣ ਲਈ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ ਸੀ ਅਤੇ ਪੋਸਟਮਾਰਟਮ ਰਿਪੋਰਟ ਵਿੱਚ ਨਾ ਤਾਂ ਨਸ਼ੇ ਦਾ ਕੋਈ ਕੈਮੀਕਲ ਮਿਲਿਆ ਹੈ ਅਤੇ ਨਾ ਹੀ ਪੋਸਟਮਾਰਟਮ ਕਰਨ ਵਾਲੇ ਡਾਕਟਰ ਵੱਲੋਂ ਕੋਈ ਨਸ਼ਾ ਪਾਏ ਜਾਣ ਸਬੰਧੀ ਰਿਪੋਰਟ ਦਰਜ ਕੀਤੀ ਗਈ ਹੈ।
ਅਣਮਿੱਥੇ ਸਮੇਂ ਲਈ ਧਰਨਾ
ਅਜੈ ਕੁਮਾਰ ਚੀਨੂ ਨੇ ਕਿਹਾ ਕਿ ਪੁਲਿਸ ਕਾਤਲਾਂ ਨਾਲ ਮਿਲੀਭੁਗਤ ਕਰਕੇ ਨਾਮਜ਼ਦ ਕੀਤੇ ਗਏ ਵਿਅਕਤੀਆਂ ਨੂੰ ਐਫਆਈਆਰ ਵਿੱਚੋਂ ਬਾਹਰ ਕੱਢ ਰਹੇ ਹਨ। ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਅੱਜ ਥਾਣਾ ਭਿੱਖੀਵਿੰਡ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿੰਨਾ ਸਮਾਂ ਪੁਲਿਸ ਵੱਲੋਂ ਕੋਈ ਇਨਸਾਫ ਨਹੀਂ ਦਵਾਇਆ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ।